Vantara Wildlife Center: PM ਮੋਦੀ ਨੇ ਗੁਜਰਾਤ ਦੇ ਵਨਤਾਰਾ ਵਾਈਲਡਲਾਈਫ਼ ਸੈਂਟਰ ਦਾ ਕੀਤਾ ਉਦਘਾਟਨ, ਜਾਨਵਰਾਂ ਨਾਲ ਬਿਤਾਇਆ ਸਮਾਂ
Vantara Wildlife Center: ਵਨਤਾਰਾ 2,000 ਤੋਂ ਵੱਧ ਕਿਸਮਾਂ ਅਤੇ 1.5 ਲੱਖ ਤੋਂ ਵੱਧ ਬਚਾਏ ਗਏ ਜਾਨਵਰਾਂ ਦਾ ਘਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਵਨਤਾਰਾ ਦੇ ਜੰਗਲੀ ਜੀਵ ਬਚਾਓ, ਮੁੜ ਵਸੇਬਾ ਅਤੇ ਸੰਭਾਲ ਕੇਂਦਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਪਸ਼ੂ ਕੇਂਦਰ ਦਾ ਦੌਰਾ ਵੀ ਕੀਤਾ। 3 ਮਾਰਚ ਨੂੰ ਪੂਰੀ ਦੁਨੀਆ 'ਚ ਵਿਸ਼ਵ ਜੰਗਲੀ ਜੀਵ ਦਿਵਸ ਮਨਾਇਆ ਗਿਆ, ਇਸ ਮੌਕੇ 'ਤੇ ਪੀਐਮ ਮੋਦੀ ਨੇ ਭਾਰਤ ਦੇ ਜੰਗਲੀ ਜੀਵ ਨੂੰ ਲੈ ਕੇ ਅਹਿਮ ਕਦਮ ਚੁੱਕੇ ਹਨ।
ਵਨਤਾਰਾ 2,000 ਤੋਂ ਵੱਧ ਕਿਸਮਾਂ ਅਤੇ 1.5 ਲੱਖ ਤੋਂ ਵੱਧ ਬਚਾਏ ਗਏ ਜਾਨਵਰਾਂ ਦਾ ਘਰ ਹੈ। ਪ੍ਰਧਾਨ ਮੰਤਰੀ ਨੇ ਉਦਘਾਟਨ ਦੌਰਾਨ ਕੇਂਦਰ ਦਾ ਦੌਰਾ ਕੀਤਾ ਅਤੇ ਕੇਂਦਰ ਵਿੱਚ ਪਸ਼ੂਆਂ ਨੂੰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰਧਾਨ ਮੰਤਰੀ ਨੇ ਵਨਤਾਰਾ ਵਿੱਚ ਜੰਗਲੀ ਜੀਵ ਹਸਪਤਾਲ ਦਾ ਦੌਰਾ ਵੀ ਕੀਤਾ ਅਤੇ ਵੈਟਰਨਰੀ ਸਹੂਲਤਾਂ ਨੂੰ ਵੀ ਦੇਖਿਆ। ਇਸ ਹਸਪਤਾਲ ਵਿੱਚ ਪਸ਼ੂਆਂ ਲਈ ਐਮਆਰਆਈ, ਸੀਟੀ ਸਕੈਨ, ਆਈਸੀਯੂ ਅਤੇ ਹੋਰ ਸਹੂਲਤਾਂ ਵੀ ਹਨ। ਇਸ ਤੋਂ ਇਲਾਵਾ, ਇਸ ਵਿੱਚ ਜੰਗਲੀ ਜੀਵ ਅਨੱਸਥੀਸੀਆ, ਕਾਰਡੀਓਲੋਜੀ, ਨੈਫ਼ਰੋਲੋਜੀ, ਐਂਡੋਸਕੋਪੀ, ਦੰਦਾਂ ਦੇ ਡਾਕਟਰ ਸਮੇਤ ਬਹੁਤ ਸਾਰੇ ਵਿਭਾਗ ਹਨ।
ਜਿਸ ਚਿੱਟੇ ਸ਼ੇਰ ਦੇ ਬੱਚੇ ਨੂੰ ਪੀਐਮ ਮੋਦੀ ਨੇ ਕੇਂਦਰ ਵਿੱਚ ਦੁੱਧ ਪਿਲਾਇਆ, ਉਸ ਦਾ ਜਨਮ ਕੇਂਦਰ ਵਿੱਚ ਹੀ ਹੋਇਆ, ਇਸ ਸ਼ੇਰ ਦੀ ਮਾਂ ਨੂੰ ਬਚਾ ਕੇ ਵਨਤਾਰਾ ਕੇਅਰ ਵਿੱਚ ਲਿਆਂਦਾ ਗਿਆ ਸੀ। ਇੱਕ ਸਮੇਂ ਭਾਰਤ ਵਿੱਚ ਕੈਰਾਕਲ ਦੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਹੁਣ ਇਹ ਅਲੋਪ ਹੋ ਰਹੀ ਹੈ। ਵਨਤਾਰਾ ਵਿਖੇ, ਇੱਕ ਪ੍ਰਜਨਨ ਪ੍ਰੋਗਰਾਮ ਦੇ ਤਹਿਤ ਕੈਰਾਕਲਾਂ ਦਾ ਪ੍ਰਜਨਨ ਕੀਤਾ ਜਾਂਦਾ ਹੈ। ਉਨ੍ਹਾਂ ਦੀ ਸੰਭਾਲ ਲਈ, ਉਨ੍ਹਾਂ ਨੂੰ ਕੈਦ ਵਿਚ ਰੱਖਿਆ ਜਾਂਦਾ ਹੈ ਅਤੇ ਬਾਅਦ ਵਿੱਚ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਹਸਪਤਾਲ ਦੇ ਐਮਆਰਆਈ ਕਮਰੇ ਦਾ ਵੀ ਦੌਰਾ ਕੀਤਾ ਅਤੇ ਏਸ਼ਿਆਟਿਕ ਸ਼ੇਰ ਨੂੰ ਦੇਖਿਆ ਜਿਸ ਦੀ ਐਮਆਰਆਈ ਚੱਲ ਰਹੀ ਸੀ। ਉਨ੍ਹਾਂ ਨੇ ਓਪਰੇਸ਼ਨ ਥੀਏਟਰ ਦਾ ਵੀ ਦੌਰਾ ਕੀਤਾ। ਜਿੱਥੇ ਇੱਕ ਚੀਤੇ ਦੀ ਕਾਰ ਦੀ ਟੱਕਰ ਤੋਂ ਬਾਅਦ ਸਰਜਰੀ ਕੀਤੀ ਜਾ ਰਹੀ ਸੀ।
ਕੇਂਦਰ ਵਿਚ ਬਚਾਏ ਗਏ ਜਾਨਵਰਾਂ ਨੂੰ ਅਜਿਹੀਆਂ ਥਾਵਾਂ 'ਤੇ ਰੱਖਿਆ ਜਾਂਦਾ ਹੈ ਜੋ ਲਗਭਗ ਜੰਗਲ ਵਾਂਗ ਦਿਖਾਈ ਦਿੰਦੀਆਂ ਹਨ। ਪੀਐਮ ਕਈ ਖ਼ਤਰਨਾਕ ਜਾਨਵਰਾਂ ਦੇ ਵੀ ਬਹੁਤ ਨੇੜੇ ਗਏ, ਉਹ ਇੱਕ ਗੋਲਡਨ ਟਾਈਗਰ ਦੇ ਨਾਲ ਆਹਮੋ-ਸਾਹਮਣੇ ਬੈਠੇ, ਉਹ 4 ਸਨੋ ਟਾਈਗਰ, ਇੱਕ ਸਫ਼ੈਦ ਸ਼ੇਰ ਅਤੇ ਇੱਕ ਸਨੋ ਚੀਤੇ ਦੇ ਨੇੜੇ ਗਏ।