ਕੇਂਦਰੀ ਮੰਤਰੀ ਪੁਰੀ ਨੇ ਅਯੁੱਧਿਆ ਨੂੰ ਸਨਾਤਨ ਧਰਮ ਅਤੇ ਸਿੱਖ ਧਰਮ ਦਾ ਸੰਗਮ ਸਥਾਨ ਦਸਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਅਯੁੱਧਿਆ ਆਏ ਸਨ

Hardeep Singh Puri.

ਨਵੀਂ ਦਿੱਲੀ : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਤਵਾਰ ਨੂੰ ਅਯੁੱਧਿਆ ’ਚ ਰਾਮ ਮੰਦਰ ਦੇ ਦਰਸ਼ਨ ਕੀਤੇ ਅਤੇ ਇਤਿਹਾਸਕ ਗੁਰਦੁਆਰੇ ’ਚ ਮੱਥਾ ਟੇਕਿਆ। ਉਨ੍ਹਾਂ ਨੇ ਪਵਿੱਤਰ ਸ਼ਹਿਰ ਨੂੰ ਸਨਾਤਨ ਧਰਮ ਅਤੇ ਸਿੱਖ ਧਰਮ ਦਾ ਸੰਗਮ ਦਸਿਆ। ਪਟਰੌਲੀਅਮ ਮੰਤਰੀ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੀ ਅਪਣੀ ਯਾਤਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ  ਸਾਂਝੀਆਂ ਕੀਤੀਆਂ, ਜਿਸ ਵਿਚ ਉਨ੍ਹਾਂ ਨੇ ਮੰਦਰ ਸ਼ਹਿਰ ਬਾਰੇ ਵਿਸਥਾਰ ਨਾਲ ਗੱਲ ਕੀਤੀ।

‘ਐਕਸ’ ’ਤੇ ਕੀਤੇ ਇਕ ਪੋਸਟ ’ਚ ਉਨ੍ਹਾਂ ਕਿਹਾ, ‘‘ਅਯੁੱਧਿਆ ਧਾਮ ਸਨਾਤਨ ਧਰਮ ਅਤੇ ਸਿੱਖ ਧਰਮ ਦਾ ਪਵਿੱਤਰ ਸੰਗਮ ਹੈ ਅਤੇ ਇਸ ਨੂੰ ਭਗਵਾਨ ਰਾਮ ਅਤੇ ਤਿੰਨ ਸਿੱਖ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਹੈ।’’ ਉਨ੍ਹਾਂ ਅਨੁਸਾਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ 1510-11 ’ਚ, ਨੌਵੇਂ ਗੁਰੂ ਤੇਗ ਬਹਾਦਰ ਜੀ 1668 ’ਚ ਅਤੇ ਗੁਰੂ ਗੋਬਿੰਦ ਸਿੰਘ ਜੀ 1672 ’ਚ ਅਯੁੱਧਿਆ ਆਏ ਸਨ।

ਉਨ੍ਹਾਂ ਕਿਹਾ, ‘‘ਮੈਨੂੰ ਅਯੁੱਧਿਆ ਧਾਮ ਦੇ ਬ੍ਰਹਮਕੁੰਡ ’ਚ ਸਰਯੂ ਨਦੀ ਦੇ ਕੰਢੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਅਤੇ ਆਸ਼ੀਰਵਾਦ ਲੈਣ ਦਾ ਸੁਭਾਗ ਮਿਲਿਆ।’’ ਪੁਰੀ ਨੇ ਕਿਹਾ ਕਿ ਪਵਿੱਤਰ ਅਸਥਾਨ ’ਤੇ  ਸਥਿਤ ਗੁਰਦੁਆਰੇ ਮੱਧਕਾਲੀਨ ਸਮੇਂ ਤੋਂ ਸਿੱਖ ਧਰਮ ਅਤੇ ਹਿੰਦੂ ਧਰਮ ਵਿਚਾਲੇ ਮਜ਼ਬੂਤ ਸਬੰਧਾਂ ਨੂੰ ਦਰਸਾਉਂਦੇ ਹਨ ਅਤੇ ਹਮਲਾਵਰਾਂ ਨਾਲ ਲੜਨ ਲਈ ਦੋਵੇਂ ਧਰਮ ਇਕੱਠੇ ਖੜ੍ਹੇ ਸਨ।   

ਪੁਰੀ ਨੇ ਕਿਹਾ ਕਿ 1697 ’ਚ ਜਦੋਂ ਔਰੰਗਜ਼ੇਬ ਦੀ ਅਗਵਾਈ ’ਚ ਹਮਲਾਵਰ ਮੁਗਲ ਫੌਜ ਨੇ ਅਯੁੱਧਿਆ ’ਚ ਰਾਮ ਮੰਦਰ ’ਤੇ  ਹਮਲਾ ਕੀਤਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ 400 ਨਿਹੰਗ ਸਿੱਖਾਂ ਦੀ ਇਕ ਬਟਾਲੀਅਨ ਨੂੰ ਅਘੋਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਨ ਲਈ ਭੇਜਿਆ ਸੀ। 

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਦਾ ਮਹੱਤਵ ਇੰਨਾ ਹੈ ਅਤੇ ਇਹ ਵਿਸ਼ਾਲ ਰਾਮ ਜਨਮ ਭੂਮੀ ਮੰਦਰ ਦੀ ਉਸਾਰੀ ਲਈ ਲੰਬੀ ਕਾਨੂੰਨੀ ਲੜਾਈ ਦੌਰਾਨ ਸਪੱਸ਼ਟ ਹੋ ਗਿਆ ਸੀ ਜਦੋਂ ਇਕ ਜੱਜ ਨੇ ਕਿਹਾ ਸੀ, ‘‘1510-11 ਈ. ’ਚ ਗੁਰੂ ਨਾਨਕ ਦੇਵ ਜੀ ਦੀ ਭਗਵਾਨ ਰਾਮ ਦੇ ਜਨਮ ਸਥਾਨ ਦੀ ਯਾਤਰਾ ਹਿੰਦੂਆਂ ਦੀ ਆਸਥਾ ਅਤੇ ਵਿਸ਼ਵਾਸ ਨੂੰ ਮਜ਼ਬੂਤ ਕਰਦੀ ਹੈ।’’

ਪੁਰੀ ਨੇ ਇਕ ਹੋਰ ਪੋਸਟ ’ਚ ਕਿਹਾ, ‘‘ਮੈਨੂੰ ਉਸ ਖੂਹ ਦੇ ਪਵਿੱਤਰ ਪਾਣੀ ਨੂੰ ਮਹਿਸੂਸ ਕਰਨ ਦਾ ਸੁਭਾਗ ਮਿਲਿਆ, ਜਿੱਥੋਂ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਇਸ਼ਨਾਨ ਲਈ ਪਾਣੀ ਕਢਿਆ  ਗਿਆ ਸੀ। ਗੁਰੂ ਮਹਾਰਾਜਾ ਨੇ ਸ਼ਰਧਾਲੂਆਂ ਨੂੰ ਅਸ਼ੀਰਵਾਦ ਦੇਣ ਲਈ ਇਸ ਪਵਿੱਤਰ ਪਾਣੀ ਦਾ ਛਿੜਕਾਅ ਵੀ ਕੀਤਾ।’’ ਉਨ੍ਹਾਂ ਕਿਹਾ, ‘‘ਕੇਂਦਰ ’ਚ ਇਕ  ਗੁੰਬਦਦਾਰ ਕਮਰਾ ਹੈ, ਜੋ ਆਕਾਰ ’ਚ ਅਸ਼ਟਕੋਣੀ ਹੈ ਅਤੇ ਸੰਗਮਰਮਰ ਦੇ ਫਰਸ਼ ਹਨ ... ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਕਿਹਾ ਜਾਂਦਾ ਹੈ।’’

ਉਨ੍ਹਾਂ ਕਿਹਾ ਕਿ ਇਸ ਸਥਾਨ ਦੇ ਵਿਚਕਾਰ ਪਵਿੱਤਰ ਅਸਥਾਨ ਰੱਖੇ ਗਏ ਹਨ। ਇਹ ਪਵਿੱਤਰ ਅਵਸ਼ੇਸ਼ ਚੱਪਲਾਂ ਦੀ ਜੋੜੀ, ਸਟੀਲ ਦਾ ਤੀਰ, ਖੰਜਰ, ਭਾਲਾ ਅਤੇ ਇਕ  ਚੱਕਰ ਹਨ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਦੇ ਪਹਿਨਿਆ ਸੀ। ਪੁਰੀ ਨੇ ਕਿਹਾ ਕਿ 1838 ਬਿਕ੍ਰਮੀ (1781 ਈ.) ਵਿਚ ਰਚੇ ਗਏ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਕਾਪੀ ਅਤੇ ਹੋਰ ਪਵਿੱਤਰ ਗ੍ਰੰਥ ਵੀ ਇੱਥੇ ਹਨ।