ਸਬਾ ਸ਼ਾਲ ਨੂੰ ਬਣਾਇਆ ਸ੍ਰੀਨਗਰ ਕੇਂਦਰੀ ਜੇਲ੍ਹ ਦੀ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਹੁਦੇ 'ਤੇ ਪਹਿਲੀ ਕਸ਼ਮੀਰੀ ਮਹਿਲਾ ਹੋਣ ਦਾ ਮਿਲਿਆ ਮਾਣ

Historic decision of Jammu and Kashmir Home Ministry

ਜੰਮੂ-ਕਸ਼ਮੀਰ/ ਸ਼ਾਹ : ਜੰਮੂ-ਕਸ਼ਮੀਰ ਦੇ ਜੇਲ੍ਹ ਵਿਭਾਗ ਵਿਚ ਉਸ ਸਮੇਂ ਇਕ ਅਹਿਮ ਪ੍ਰਸ਼ਾਸਨਿਕ ਫ਼ੈਸਲਾ ਲਿਆ ਗਿਆ ਜਦੋਂ ਸਬਾ ਸ਼ਾਲ ਨੂੰ ਸਟਾਫ਼ ਅਫ਼ਸਰ ਟੂ ਡਾਇਰੈਕਟਰ ਜਨਰਲ ਪ੍ਰਿਜਨਸ ਦੇ ਅਹੁਦੇ ਤੋਂ ਤਬਦੀਲ ਕਰਕੇ ਤੁਰੰਤ ਪ੍ਰਭਾਵ ਨਾਲ ਸ੍ਰੀਨਗਰ ਦੀ ਉਚ ਸੁਰੱਖਿਆ ਵਾਲੀ ਸੈਂਟਰਲ ਜੇਲ੍ਹ ਦਾ ਸੁਪਰੀਟੈਂਡੈਂਟ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਮਗਰੋਂ ਸਬਾ ਸ਼ਾਲ ਨੂੰ ਸ੍ਰੀਨਗਰ ਦੀ ਕੇਂਦਰੀ ਜੇਲ੍ਹ ਵਿਚ ਸੁਪਰੀਟੈਂਡੈਂਟ ਵਜੋਂ ਸੇਵਾ ਨਿਭਾਉਣ ਵਾਲੀ ਕਸ਼ਮੀਰ ਦੀ ਪਹਿਲੀ ਮਹਿਲਾ ਹੋਣ ਦਾ ਮਾਣ ਹਾਸਲ ਹੋਇਆ ਏ। ਇਸ ਤਾਇਨਾਤੀ ਨੂੰ ਵਿਭਾਗ ਦੇ ਲਿਹਾਜ ਨਾਲ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਏ। ਸੋ ਆਓ ਹੁਣ ਦੱਸਦੇ ਆਂ, ਸਬਾ ਸ਼ਾਲ ਕੌਣ ਐ?

ਕੌਣ ਹੈ ਸਬਾ ਸ਼ਾਲ?

- ਸਬਾ ਸ਼ਾਲ ਜੰਮੂ-ਕਸ਼ਮੀਰ ਦੇ ਪੀਰਬਾਗ਼ ਦੀ ਰਹਿਣ ਵਾਲੀ ਹੈ।
- 2012 ਵਿਚ ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਅਤੇ ਪੁਲਿਸ ਸੁਪਰੀਟੈਂਡੈਂਟ (ਜੇਲ੍ਹ) ਦਾ ਅਹੁਦਾ ਸੰਭਾਲਿਆ।
- ਉਨ੍ਹਾਂ ਨੇ ਸਮਾਜਿਕ ਕਾਰਜਾਂ ਵਿਚ ਵੀ ਮਾਸਟਰ ਡਿਗਰੀ ਕੀਤੀ ਹੋਈ ਹੈ।
- ਇਹ ਅਸਧਾਰਨ ਉਪਲਬਧੀ ਸੀ ਕਿਉਂਕਿ ਉਸ ਸਮੇਂ ਬਹੁਤ ਘੱਟ ਕਸ਼ਮੀਰੀ ਔਰਤਾਂ ਵਰਦੀਧਾਰੀ ਸੇਵਾਵਾਂ ਵਿਚ ਆਉਂਦੀਆਂ ਸੀ। 
- ਉਨ੍ਹਾਂ ਦੇ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ ਇਕ ਸੀਨੀਅਰ ਭਾਈਚਾਰਕ ਵਿਕਾਸ ਸਲਾਹਕਾਰ ਦੇ ਰੂਪ ਵਿਚ ਹੋਈ ਸੀ। 
- ਉਨ੍ਹਾਂ ਨੇ ਇੰਡੋ ਗਲੋਬਲ ਸੋਸ਼ਲ ਸਰਵਿਸ ਸੁਸਾਇਟੀ ਦੇ ਨਾਲ ਕੰਮ ਕੀਤਾ, ਜੋ ਜ਼ਮੀਨੀ ਪੱਧਰ ’ਤੇ ਸਮਾਜਿਕ ਕਾਰਜਾਂ ’ਤੇ ਕੇਂਦਰਤ ਸੀ। 
- ਉਨ੍ਹਾਂ ਨੇ ਪੀਐਸਸੀ ਪ੍ਰੀਖਿਆ ਵਿਚ ਐਸਪੀ ਜੇਲ੍ਹ ਅਹੁਦੇ ਲਈ ਇਕਲੌਤੀ ਖੁੱਲ੍ਹੀ ਮੈਰਿਟ ਸੀਟ ਹਾਸਲ ਕੀਤੀ।
- ਸਬਾ ਨੇ ਜੇਲ੍ਹ ਮੁੱਖ ਦਫ਼ਤਰ ਵਿਚ ਪ੍ਰਸ਼ਾਸਨਿਕ ਕਾਰਜਾਂ ਅਤੇ ਜਨ ਸੰਪਰਕ ਅਧਿਕਾਰੀ ਦੇ ਰੂਪ ਵਿਚ ਵੀ ਕੰਮ ਕੀਤਾ।
- ਸਬਾ ਕੋਠਬਲਵਾਲ ਕੇਂਦਰੀ ਜੇਲ੍ਹ ਅਤੇ ਕੁੱਪਵਾੜਾ ਜੇਲ੍ਹ ਵਿਚ ਵੀ ਸੇਵਾਵਾਂ ਦੇ ਚੁੱਕੀ ਹੈ।
- ਸ੍ਰੀਨਗਰ ਕੇਂਦਰੀ ਜੇਲ੍ਹ ਦੇ ਮੁਖੀ ਵਜੋਂ ਉਨ੍ਹਾਂ ਦੀ ਨਿਯੁਕਤੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। 

ਗ੍ਰਹਿ ਵਿਭਾਗ ਵੱਲੋਂ ਜਾਰੀ ਸਰਕਾਰੀ ਹੁਕਮਾਂ ਦੇ ਮੁਤਾਬਕ ਸ੍ਰੀਨਗਰ ਕੇਂਦਰੀ ਜੇਲ੍ਹ ਦੇ ਮੁਖੀ ਦੇ ਅਹੁਦੇ ’ਤੇ ਤਾਇਨਾਤ ਸ਼ੇਖ਼ ਜੁਲਫ਼ਕਾਰ ਅਜ਼ਾਦ ਨੂੰ ਉਨ੍ਹਾਂ ਦੇ ਮੂਲ ਵਿਭਾਗ ਜੰਮੂ ਅਤੇ ਕਸ਼ਮੀਰ ਪੁਲਿਸ ਵਿਚ ਵਾਪਸ ਭੇਜ ਦਿੱਤਾ ਗਿਆ ਏ। ਹੁਕਮਾਂ ਵਿਚ ਇਹ ਵੀ ਕਿਹਾ ਗਿਆ ਏ ਕਿ ਤਿੰਨ ਪੁਲਿਸ ਅਧਿਕਾਰੀਆਂ ਨੂੰ ਜੰਮੂ ਅਤੇ ਕਸ਼ਮੀਰ ਜੇਲ੍ਹ ਵਿਭਾਗ ਵਿਚ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਵਿਚ ਚੌਧਰੀ ਇਫ਼ਤਿਖ਼ਾਰ ਅਹਿਮਦ ਨੂੰ ਪੁੰਛ ਜ਼ਿਲ੍ਹਾ ਜੇਲ੍ਹ ਦਾ ਮੁਖੀ, ਰਿਆਜ਼ ਇਕਬਾਲ ਤਾਂਤਰੇ ਨੂੰ ਅਨੰਤਨਾਗ ਜ਼ਿਲ੍ਹਾ ਜੇਲ੍ਹ ਦਾ ਮੁਖੀ ਅਤੇ ਏਜਾਜ਼ ਅਹਿਮਦ ਮਲਿਕ ਨੂੰ ਪੁਲਵਾਮਾ ਵਿਸ਼ੇਸ਼ ਜੇਲ੍ਹ ਦਾ ਮੁਖੀ ਨਿਯੁਕਤ ਕੀਤਾ ਗਿਆ ਏ।

ਦੱਸ ਦਈਏ ਕਿ ਸ੍ਰੀਨਗਰ ਕੇਂਦਰੀ ਜੇਲ੍ਹ ਰਾਜ ਦੀ ਇਕ ਉਚ ਸੁਰੱਖਿਆ ਵਾਲੀ ਜੇਲ੍ਹ ਐ, ਮੌਜੂਦਾ ਸਮੇਂ ਇਸ ਜੇਲ੍ਹ ਵਿਚ ਘੱਟੋ ਤੋਂ ਘੱਟ 509 ਕੈਦੀ ਆਪਣੀਆਂ ਸਜ਼ਾਵਾਂ ਕੱਟ ਰਹੇ ਨੇ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਕਸ਼ਮੀਰ ਦੀਆਂ ਉਨ੍ਹਾਂ ਕੁੜੀਆਂ ਨੂੰ ਕਾਫ਼ੀ ਪ੍ਰੇਰਣਾ ਮਿਲ ਰਹੀ ਐ ਜੋ ਪੜ੍ਹ ਲਿਖ ਕੇ ਇਸ ਖੇਤਰ ਵਿਚ ਅੱਗੇ ਵਧਣਾ ਚਾਹੁੰਦੀਆਂ ਨੇ।