ਮੋਦੀ ਦੇ ਬਿਆਨ ਪਿੱਛੋਂ ਦੇਸ਼ 'ਚ ਗਊ ਰਖਿਅਕਾਂ ਵਿਰੁਧ ਮਾਹੌਲ ਪੈਦਾ ਹੋਇਆ : ਘੱਟ ਗਿਣਤੀ ਕਮਿਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੌਮੀ ਘੱਟ ਗਿਣਤੀ ਕਮਿਸ਼ਨ ਨੇ ਕਿਹਾ ਕਿ ਗਊ ਰਖਿਆ ਦੇ ਨਾਮ 'ਤੇ ਹਿੰਸਾ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਾਲ ਹੀ ਵਿਚ ਦਿਤੇ ਬਿਆਨ ਕਾਰਨ ਦੇਸ਼ ਵਿਚ ਇਨ੍ਹਾ ਕਥਿਤ..

Cow

ਨਵੀਂ ਦਿੱਲੀ, 23 ਜੁਲਾਈ: ਕੌਮੀ ਘੱਟ ਗਿਣਤੀ ਕਮਿਸ਼ਨ ਨੇ ਕਿਹਾ ਕਿ ਗਊ ਰਖਿਆ ਦੇ ਨਾਮ 'ਤੇ ਹਿੰਸਾ ਵਿਰੁਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਾਲ ਹੀ ਵਿਚ ਦਿਤੇ ਬਿਆਨ ਕਾਰਨ ਦੇਸ਼ ਵਿਚ ਇਨ੍ਹਾ ਕਥਿਤ ਗਊ ਰਖਿਅਕਾਂ ਵਿਰੁਧ ਮਾਹੌਲ ਬਣਿਆ ਹੋਇਆ ਹੈ। ਕਮਿਸ਼ਨ ਦੇ ਪ੍ਰਧਾਨ ਸਈਅਦ ਗੈਰੂਲ ਹਸਨ ਰਿਜਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਬਿਆਨ ਦਾ ਯਕੀਨੀ ਤੌਰ 'ਤੇ ਅਸਰ ਹੋਇਆ ਹੈ ਅਤੇ ਇਸ ਬਿਆਨ ਤੋਂ ਬਾਅਦ ਦੇਸ਼ ਦਾ ਮਿਜ਼ਾਜ ਬਦਲਿਆ ਹੈ। ਦੇਸ਼ ਵਿਚ ਕਥਿਤ ਗਊ ਰਖਿਅਕਾਂ ਵਿਰੁਧ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੂੰ ਲੱਗ ਰਿਹਾ ਹੈ ਕਿ ਇਨ੍ਹਾਂ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ। ਹਾਲ ਹੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਸੀ ਕਿ ਗਊ ਰਖਿਆ ਨੂੰ ਕੁੱਝ ਅਸਮਾਜਕ ਤੱਤਾਂ ਨੇ ਅਰਾਜਕਤਾ ਫੈਲਾਉਣ ਦਾ ਰਾਹ ਬਣਾ ਲਿਆ ਹੈ। ਇਸ ਦਾ ਫ਼ਾਇਦਾ ਉਹ ਲੋਕ ਉਠਾ ਰਹੇ ਹਨ ਜੋ ਦੇਸ਼ ਦਾ ਮਾਹੌਲ ਵਿਗਾੜਨਾ ਚਾਹੁੰਦੇ ਹਨ। ਸੂਬਾ ਸਰਕਾਰਾਂ ਨੂੰ ਅਜਿਹੇ ਅਸਮਾਜਕ ਤੱਤਾਂ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਸੀ, 'ਗਊ ਨੂੰ ਸਾਡੇ ਦੇਸ਼ ਵਿਚ ਮਾਂ ਮੰਨਦੇ ਹਨ, ਉਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਪਰ ਇਹ ਸਮਝਣਾ ਹੋਵੇਗਾ ਕਿ ਗਊ ਰਖਿਆ ਲਈ ਕਾਨੂੰਨ ਹੈ ਅਤੇ ਇਸ ਨੂੰ ਤੋੜਨ ਦਾ ਬਦਲ ਨਹੀਂ ਹੈ। ਕਾਨੂੰਨ ਵਿਵਸਥਾ ਨੂੰ ਬਣਾਈ ਰਖਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਜਿਥੇ ਵੀ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ, ਸੂਬਾ ਸਰਕਾਰਾਂ ਨੂੰ ਇਨ੍ਹਾਂ ਵਿਰੁਧ ਸਖ਼ਤੀ ਕਰਨੀ ਚਾਹੀਦੀ ਹੈ।' ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨੇ ਗਊ ਰਖਿਆ ਦੇ ਨਾਮ 'ਤੇ ਹੋ ਰਹੀ ਹਿੰਸਾ ਦੀ ਨਿਖੇਧੀ ਕੀਤੀ ਸੀ। ਰਿਜਵੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ। (ਪੀ.ਟੀ.ਆਈ.)