ਗਠਜੋੜ ਵਿਚ ਤਰੇੜਾਂ ਦੀਆਂ ਕਨਸੋਆਂ ਦਰਮਿਆਨ ਨਿਤੀਸ਼ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਵਿਚ ਮਹਾਂਗਠਜੋੜ ਵਿਚ ਤਰੇੜਾਂ ਦੀਆਂ ਕਨਸੋਆਂ ਦਰਮਿਆਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।

Rahul Gandhi and Nitish Kumar

ਨਵੀਂ ਦਿੱਲੀ, 22 ਜੁਲਾਈ : ਬਿਹਾਰ ਵਿਚ ਮਹਾਂਗਠਜੋੜ ਵਿਚ ਤਰੇੜਾਂ ਦੀਆਂ ਕਨਸੋਆਂ ਦਰਮਿਆਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸਮਝਿਆ ਜਾਂਦਾ ਹੈ ਕਿ ਦੋਹਾਂ ਆਗੂਆਂ ਨੇ ਮੌਜੂਦਾ ਸਿਆਸੀ ਹਾਲਾਤ ਬਾਰੇ ਚਰਚਾ ਕੀਤੀ।
ਸੂਤਰਾਂ ਨੇ ਦਸਿਆ ਕਿ ਨਿਤੀਸ਼ ਕੁਮਾਰ ਬਾਅਦ ਦੁਪਹਿਰ  ਰਾਹੁਲ ਗਾਂਧੀ ਦੀ ਤੁਗਲਕ ਲੇਨ ਸਥਿਤ ਰਿਹਾਇਸ਼ 'ਤੇ ਪੁੱਜੇ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਦੇ ਬੇਟੇ ਤੇਜਸਵੀ ਯਾਦਵ ਉਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਚਰਚਾ ਕੀਤੀ। ਨਿਤੀਸ਼ ਕੁਮਾਰ ਬਾਅਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੇਵਾ ਮੁਕਤ ਹੋ ਰਹੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਮਾਣ ਵਿਚ ਦਿਤੇ ਰਾਤਰੀ ਭੋਜ ਵਿਚ ਸ਼ਾਮਲ ਹੋਏ।
ਰਾਹੁਲ ਗਾਂਧੀ ਨਾਲ ਨਿਤੀਸ਼ ਦੀ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਤੇਜਸਵੀ ਯਾਦਵ ਵਲੋਂ ਬਿਹਾਰ ਕੈਬਨਿਟ ਤੋਂ ਅਸਤੀਫ਼ਾ ਨਾ ਦੇਣ ਕਾਰਨ ਮਤਭੇਦ ਪੈਦਾ ਹੋ ਗਏ ਹਨ ਅਤੇ ਜਨਤਾ ਦਲ-ਯੂ, ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਦੇ ਮਹਾਂਗਠਜੋੜ ਵਾਲੀ ਸਰਕਾਰ ਲਈ ਖ਼ਤਰਾ ਪੈਦਾ ਹੋ ਗਿਆ ਹੈ। ਲਾਲੂ ਪ੍ਰਸਾਦ ਜਿਥੇ ਤੇਜਸਵੀ ਦੇ ਅਸਤੀਫ਼ੇ ਦੀ ਮੰਗ ਖ਼ਾਰਜ ਕਰ ਚੁੱਕੇ ਹਨ, ਉਥੇ ਹੀ ਨਿਤੀਸ਼ ਕੁਮਾਰ ਨੂੰ ਤੇਜਸਵੀ ਦੇ ਅਹੁਦੇ 'ਤੇ ਬਣੇ ਰਹਿਣ ਕਾਰਨ ਸਖ਼ਤ ਇਤਰਾਜ਼ ਹੈ ਕਿਉਂÎਕ ਇਸ ਨਾਲ ਭ੍ਰਿਸ਼ਟਾਚਾਰ ਵਿਰੋਧੀ ਹੋਣ ਦਾ ਅਕਸ ਪ੍ਰਭਾਵਤ ਹੁੰਦਾ ਹੈ। ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ-ਯੂ ਨੇ ਰਾਸ਼ਟਰਪਤੀ ਦੀ ਚੋਣ ਵਿਚ 17 ਵਿਰੋਧੀ ਪਾਰਟੀਆਂ ਦੀ ਸਾਂਝੀ ਉਮੀਦਵਾਰ ਮੀਰਾ ਕੁਮਾਰ ਨੂੰ ਹਮਾਇਤ ਦੇਣ ਦੀ ਬਜਾਏ ਐਨ.ਡੀ.ਏ. ਦੇ ਉਮੀਦਵਾਰ ਰਾਮਨਾਥ ਕੋਵਿੰਦ ਦਾ ਸਮਰਥਨ ਕੀਤਾ ਸੀ। (ਪੀਟੀਆਈ)