'ਕੈਪਟਨ ਨੂੰ ਕੈਨੇਡਾ ਵਿਚਲੇ ਖ਼ਾਲਿਸਤਾਨ ਹਮਾਇਤੀਆਂ ਤੋਂ ਕੋਈ ਖ਼ਤਰਾ ਨਹੀਂ'
ਕੈਨੇਡਾ ਸਰਕਾਰ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖ਼ਾਲਿਸਤਾਨ ਹਮਾਇਤੀਆਂ ਤੋਂ ਕੋਈ ਖ਼ਤਰਾ ਨਹੀਂ ਅਤੇ ਇਸ ਬਾਰੇ ਜਾਂਚ..
ਚੰਡੀਗੜ੍ਹ, 23 ਜੁਲਾਈ : ਕੈਨੇਡਾ ਸਰਕਾਰ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖ਼ਾਲਿਸਤਾਨ ਹਮਾਇਤੀਆਂ ਤੋਂ ਕੋਈ ਖ਼ਤਰਾ ਨਹੀਂ ਅਤੇ ਇਸ ਬਾਰੇ ਜਾਂਚ ਬੰਦ ਕਰ ਦਿਤੀ ਗਈ ਹੈ।
ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਅਧਿਕਾਰੀਆਂ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ (ਆਰ.ਸੀ.ਐਮ.ਪੀ.) ਵਲੋਂ ਇਸ ਬਾਰੇ ਜਾਂਚ ਕੀਤੀ ਗਈ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਜਾਨ ਨੂੰ ਖ਼ਤਰਾ ਹੋਣ ਬਾਰੇ ਕੋਈ ਸਬੂਤ ਨਹੀਂ ਮਿਲਿਆ। ਨਵੀਂ ਦਿੱਲੀ ਸਥਿਤ ਭਾਰਤੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ, ''ਕੈਨੇਡਾ ਸਰਕਾਰ ਨੇ ਇਹ ਵੀ ਦਸਿਆ ਹੈ ਕਿ ਇਸ ਮਾਮਲੇ ਵਿਚ ਕਿਸੇ ਵਿਅਕਤੀ ਵਿਰੁਧ ਮਾਮਲਾ ਦਰਜ ਨਹੀਂ ਕੀਤਾ ਗਿਆ।''
ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਵਿਸਾਖੀ ਮੌਕੇ ਖ਼ਾਲਿਸਤਾਨ ਹਮਾਇਤੀਆਂ ਵਲੋਂ ਸ਼ਰ੍ਹੇਆਮ ਕੈਪਟਨ ਅਮਰਿੰਦਰ ਸਿੰਘ ਨੂੰ ਧਮਕੀਆਂ ਦਿਤੇ ਜਾਣ ਪਿੱਛੋਂ ਭਾਰਤੀ ਹਾਈ ਕਮਿਸ਼ਨ ਨੇ ਕੈਨੇਡਾ ਦੇ ਵਿਦੇਸ਼ ਮੰਤਰਾਲੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਵਿਸਾਖੀ ਸਮਾਗਮ ਦੌਰਾਨ ਕਈ ਗਰਮਖ਼ਿਆਲ ਸਿੱਖ ਆਗੂਆਂ ਨੇ ਅਪਣੇ ਭਾਸ਼ਨ ਵਿਚ ਧਮਕੀ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਸੀ।
ਭਾਰਤੀ ਹਾਈ ਕਮਿਸ਼ਨ ਨੇ ਸਬੂਤ ਵਜੋਂ ਵਿਸਾਖੀ ਸਮਾਗਮ ਦੀ ਵੀਡੀਉ ਵੀ ਭੇਜੀ ਸੀ। ਇਸ ਤੋਂ ਇਲਾਵਾ ਭਾਰਤੀ ਅਧਿਕਾਰੀਆਂ ਨੇ ਨਗਰ ਕੀਰਤਨ ਵਿਚ ਖ਼ਾਲਿਸਤਾਨ ਦੀ ਮੰਗ ਕਰਦੇ ਪੋਸਟਰਾਂ 'ਤੇ ਵੀ ਇਤਰਾਜ਼ ਪ੍ਰਗਟ ਕੀਤਾ ਸੀ ਜਿਨ੍ਹਾਂ ਉਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਇਥੇ ਦਸਣਾ ਬਣਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਕੈਨੇਡਾ ਸਰਕਾਰ ਨੂੰ ਗਰਮਖ਼ਿਆਲ ਤੱਤਾਂ ਵਿਰੁਧ ਸਖ਼ਤੀ ਨਾਲ ਪੇਸ਼ ਆਉਣ ਲਈ ਆਖਿਆ ਸੀ। ਬੀਤੇ ਸ਼ੁਕਰਵਾਰ ਨੂੰ ਕੈਨੇਡਾ ਦੇ ਐਮ.ਪੀ ਰਮੇਸ਼ਵਰ ਸੰਘਾ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਮੁੱਦਾ ਉਠਾਇਆ ਸੀ। (ਏਜੰਸੀ)