ਕਸ਼ਮੀਰ 'ਚ ਫ਼ੌਜੀਆਂ ਨੇ ਪੁਲਿਸ ਵਾਲੇ ਕੁੱਟੇ
ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿਚ ਇਕ ਨਾਕੇ 'ਤੇ ਫ਼ੌਜ ਦੇ ਜਵਾਨਾਂ ਨੇ ਪੁਲਿਸ ਵਾਲੇ ਕੁੱਟ ਦਿਤੇ। ਪੁਲਿਸ ਮੁਲਾਜ਼ਮਾਂ ਨੇ ਨਾਕਾ ਲਾਇਆ ਹੋਇਆ ਸੀ ਅਤੇ ਫ਼ੌਜ ਦੀ ਗੱਡੀ ਨੂੰ....
ਸ੍ਰੀਨਗਰ, 22 ਜੁਲਾਈ: ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿਚ ਇਕ ਨਾਕੇ 'ਤੇ ਫ਼ੌਜ ਦੇ ਜਵਾਨਾਂ ਨੇ ਪੁਲਿਸ ਵਾਲੇ ਕੁੱਟ ਦਿਤੇ। ਪੁਲਿਸ ਮੁਲਾਜ਼ਮਾਂ ਨੇ ਨਾਕਾ ਲਾਇਆ ਹੋਇਆ ਸੀ ਅਤੇ ਫ਼ੌਜ ਦੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਹ ਅੱਗੇ ਲੰਘ ਗਏ ਜਿਸ 'ਤੇ ਪੁਲਿਸ ਵਾਲਿਆਂ ਨੇ ਇਤਰਾਜ਼ ਕੀਤਾ। ਇਸ 'ਤੇ ਫ਼ੌਜੀਆਂ ਨੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਕੇ ਅੱਠ ਜਣਿਆਂ ਨੂੰ ਜ਼ਖ਼ਮੀ ਕਰ ਦਿਤਾ।
ਗਾਂਦਰਬਲ ਵਿਖੇ ਵਾਪਰੀ ਇਸ ਘਟਨਾ ਸਬੰਧੀ ਪੁਲਿਸ ਨੇ ਫ਼ੌਜੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਫ਼ੌਜੀਆਂ ਨੇ ਪੁਲਿਸ ਥਾਣੇ ਵਿਚ ਪਏ ਰੀਕਾਰਡ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਸੋਨਮਰਗ ਵਿਖੇ ਅਮਰਨਾਥ ਯਾਤਰੀਆਂ ਲਈ ਬਣਾਏ ਗਏ ਅੱਡੇ ਬਾਲਟਾਲ ਤੋਂ ਲੀਚੀਆਂ ਲੈ ਕੇ ਵਾਪਸ ਆ ਰਹੇ ਫ਼ੌਜੀਆਂ ਦੇ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਈਵਰ ਨੇ ਵਾਹਨ ਨਾ ਰੋਕਿਆ ਅਤੇ ਜੈਂਡਰਬਲ ਵਲ ਵਾਹਨ ਚਲਾਉਣਾ ਜਾਰੀ ਰਖਿਆ।
ਸੋਨਮਰਗ ਤੋਂ ਪੁਲਿਸ ਨੇ ਗੁੰਡ ਖੇਤਰ ਵਿਚ ਬਣੇ ਨਾਕੇ ਨੂੰ ਇਹ ਵਾਹਨ ਰੋਕਣ ਦਾ ਸੰਦੇਸ਼ ਭੇਜਿਆ ਅਤੇ ਗੁੰਡ ਪੁਲਿਸ ਨੇ ਵਾਹਨ ਨੂੰ ਰੋਕ ਲਿਆ। ਪੁਲਿਸ ਨੇ ਫ਼ੌਜੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਨਿਰਦੇਸ਼ ਹਨ ਕਿ ਉਨ੍ਹਾਂ ਦੇ ਵਾਹਨ ਨੂੰ ਅੱਗੇ ਨਾ ਜਾਣ ਦਿਤਾ ਜਾਵੇ। ਇਸ ਦੌਰਾਨ ਫ਼ੌਜੀਆਂ ਨੇ 24 ਰਾਸ਼ਟਰੀ ਰਾਈਫ਼ਲ ਯੂਨਿਟ ਤੋਂ ਅਪਣੇ ਸਾਥੀਆਂ ਨੂੰ ਬੁਲਾ ਲਿਆ ਅਤੇ ਇਨ੍ਹਾਂ ਨੂੰ ਇਥੇ ਆ ਕੇ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਫ਼ੌਜੀ ਗੁੰਡ ਪੁਲਿਸ ਥਾਣੇ ਵਿਚ ਦਾਖ਼ਲ ਹੋ ਗਏ ਤੇ ਭੰਨਤੋੜ ਕੀਤੀ, ਰੀਕਾਰਡ ਦੀ ਨੁਕਸਾਨ ਪਹੁੰਚਾਇਆ ਅਤੇ ਡਿਊਟੀ 'ਤੇ ਤੈਨਾਤ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ।
ਇਸ ਹਮਲੇ ਵਿਚ ਇਸ ਏਐਸਆਈ ਵੀ ਜ਼ਖ਼ਮੀ ਹੋ ਗਿਆ। ਜੰਮੂ-ਕਸ਼ਮੀਰ ਦੇ ਡੀਜੀਪੀ ਐਸਪੀ ਵੈਧ ਨੇ ਇਹ ਮਾਮਲੇ ਚਿਨਾਰ ਕੋਰ ਦੇ ਫ਼ੌਜ ਕਮਾਂਡਰ ਲੈਫ਼ਟੀਨੈਂਟ
ਜਨਰਲ ਜੇ.ਐਸ. ਸੰਧੂ ਕੋਲ ਉਠਾਇਆ ਹਾਲਾਂਕਿ ਫ਼ੌਜ ਇਸ ਘਟਨਾ ਨੂੰ ਮਾਮੂਨੀ ਝੜਪ ਦਸਦਿਆਂ ਕਿਹਾ ਕਿ ਉਸ ਨੇ ਪੁਲਿਸ ਨਾਲ ਇਹ ਮਾਮਲਾ ਸੁਲਝਾ ਲਿਆ ਹੈ। ਰਖਿਆ ਵਿਭਾਗ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਭਵਿੱਖ ਵਿਚ ਹੋਣ ਤੋਂ ਰੋਕਣ ਲਈ ਕਦਮ ਚੁੱਕੇ ਗਏ ਹਨ।