ਭਾਰਤੀ ਸਿਆਸਤ ਦਾ ਭਗਵਾਂ ਰੰਗ-ਮੱਧ ਪ੍ਰਦੇਸ਼ 'ਚ ਕੰਪਿਊਟਰ ਬਾਬੇ ਸਮੇਤ ਪੰਜ ਸੰਤਾਂ ਨੂੰ ਮੰਤਰੀ ਦਾ ਅਹੁਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਤਰੀ ਬਣਦੇ ਸਾਰ ਸਰਕਾਰ ਵਿਰੁਧ ਉਲੀਕੀ ਯਾਤਰਾ ਹੀ ਰੱਦ ਕਰ ਦਿਤੀ

5 saints & Computer Saint

ਵਿਧਾਨ ਸਭਾ ਚੋਣਾਂ ਦੇ ਸਨਮੁਖ ਸ਼ਿਵ ਰਾਜ ਸਿੰਘ ਚੌਹਾਨ ਸਰਕਾਰ ਨੇ ਪੰਜ 'ਸੰਤਾਂ' ਨੂੰ ਰਾਜ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਹੈ। ਸਰਕਾਰ ਨੇ ਧਰਮਾਨੰਦ ਮਹਾਰਾਜ, ਹਰੀਹਰਾਨੰਦ ਮਹਾਰਾਜ, ਕੰਪਿਊਟਰ ਬਾਬਾ, ਭਈਆਜੂ ਮਹਾਰਾਜ ਅਤੇ ਪੰਡਿਤ ਯੋਗਿੰਦਰ ਮਹੰਤ ਨੂੰ ਰਾਜ ਮੰਤਰੀ ਪੱਧਰ ਦਾ ਦਰਜਾ ਦਿਤਾ ਹੈ। 
ਦਿਲਚਸਪ ਗੱਲ ਹੈ ਕਿ ਇਨ੍ਹਾਂ ਬਾਬਿਆਂ ਨੇ ਨਰਮਦਾ ਮਸਲੇ 'ਤੇ ਸਰਕਾਰ ਵਿਰੁਧ ਯਾਤਰਾ ਕਰਨ ਦਾ ਐਲਾਨ ਕੀਤਾ ਹੋਇਆ ਸੀ ਪਰ ਮੰਤਰੀ ਦਾ ਅਹੁਦਾ ਮਿਲਣ ਮਗਰੋਂ ਹੀ ਬਾਬਿਆਂ ਦੇ ਸੁਰ ਬਦਲ ਗਏ। ਹੁਣ ਯਾਤਰਾ ਰੱਦ ਕਰ ਦਿਤੀ ਗਈ ਹੈ। ਕੰਪਿਊਟਰ ਬਾਬੇ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਮਾਮਲੇ ਵਿਚ ਕਮੇਟੀ ਬਣਾ ਕੇ ਉਨ੍ਹਾਂ ਦੀ ਮੰਗ ਮੰਨ ਲਈ ਹੈ, ਇਸ ਲਈ ਯਾਤਰਾ ਕੱਢਣ ਦੀ ਕੋਈ ਤੁਕ ਨਹੀਂ ਬਣਦੀ।

ਕਮੇਟੀ ਵਿਚ ਇਹ ਪੰਜੇ ਬਾਬੇ ਸ਼ਾਮਲ ਕੀਤੇ ਗਏ ਹਨ। ਜਦ ਉਨ੍ਹਾਂ ਨੂੰ ਪੁਛਿਆ ਕਿ ਸਾਧੂ-ਸੰਤਾਂ ਨੂੰ ਮੰਤਰੀ ਦਾ ਅਹੁਦਾ ਤੇ ਹੋਰ ਸਹੂਲਤਾਂ ਲੈਣੀਆਂ ਚਾਹੀਦੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਮੰਤਰੀ ਦਾ ਅਹੁਦਾ ਜ਼ਰੂਰੀ ਹੈ ਕਿਉਂਕਿ ਕਮੇਟੀ ਮੈਂਬਰ ਹੋਣ ਸਦਕਾ ਉਨ੍ਹਾਂ ਨੇ ਅਧਿਕਾਰੀਆਂ ਅਤੇ ਹੋਰਾਂ ਨਾਲ ਰਾਬਤਾ ਕਾਇਮ ਕਰਨਾ ਹੈ। 45 ਜ਼ਿਲ੍ਹਿਆਂ ਦੇ ਸਾਧੂ ਸੰਤ ਸਮਾਜ ਨੇ 45 ਦਿਨ ਦੀ ਨਰਮਦਾ ਘੁਟਾਲਾ ਰੱਥ ਯਾਤਰਾ ਕੱਢਣ ਦਾ ਐਲਾਨ ਕਰ ਦਿਤਾ ਸੀ। ਇਹ ਰੱਥ ਯਾਤਰਾ ਇਕ ਅਪ੍ਰੈਲ ਤੋਂ ਸ਼ੁਰੂ ਹੋ ਗਈ ਸੀ ਅਤੇ 15 ਮਈ ਤਕ ਚੱਲਣੀ ਸੀ। ਇਨ੍ਹਾਂ ਵਿਚੋਂ ਦੋ ਸੰਤ ਤਾਂ ਸਰਕਾਰ ਵਿਰੁਧ ਆਰ-ਪਾਰ ਦੀ ਲੜਾਈ ਲੜਨ ਦੀਆਂ ਗੱਲਾਂ ਕਰ ਰਹੇ ਸਨ। ਉਧਰ, ਕਾਂਗਰਸ ਨੇਤਾ ਰਾਜ ਬੱਬਰ ਨੇ ਕਿਹਾ ਕਿ ਧਾਰਮਕ ਬਾਬਿਆਂ ਨੂੰ ਮੰਤਰੀ ਦਾ ਅਹੁਦਾ ਦੇਣਾ ਚੌਹਾਨ ਸਰਕਾਰ ਦੀ ਕਮਜ਼ੋਰੀ ਵਿਖਾਉਂਦਾ ਹੈ। ਰਾਜ ਬੱਬਰ ਨੇ ਕਿਹਾ ਕਿ ਚੌਹਾਨ ਨੂੰ ਵਿਧਾਨ ਸਭਾ ਚੋਣਾਂ ਵਿਚ ਜਿੱਤ ਲਈ ਧਾਰਮਕ ਆਗੂਆਂ 'ਤੇ ਭਰੋਸਾ ਕਰਨਾ ਪੈ ਰਿਹਾ ਹੈ। (ਏਜੰਸੀ)