'ਡੋਕਲਾਮ ਟਕਰਾਅ ਨੂੰ ਆਹਮੋ-ਸਾਹਮਣੇ ਬੈਠ ਕੇ ਸੁਲਝਾਉਣ ਭਾਰਤ ਅਤੇ ਚੀਨ'
ਅਮਰੀਕਾ ਨੇ ਕਿਹਾ ਹੈ ਕਿ ਡੋਕਲਾਮ ਵਿਚ ਸਰਹੱਦੀ ਟਕਰਾਅ ਨੂੰ ਖ਼ਤਮ ਕਰਨ ਲਈ ਤਾਕਤ ਦੀ ਵਰਤੋਂ ਕਰਨ ਦੀ ਬਜਾਏ ਭਾਰਤ ਅਤੇ ਚੀਨ ਨੂੰ ਸਿੱਧੀ ਗੱਲਬਾਤ ਕਰਨੀ ਚਾਹੀਦੀ ਹੈ।
ਵਾਸ਼ਿੰਗਟਨ, 22 ਜੁਲਾਈ : ਅਮਰੀਕਾ ਨੇ ਕਿਹਾ ਹੈ ਕਿ ਡੋਕਲਾਮ ਵਿਚ ਸਰਹੱਦੀ ਟਕਰਾਅ ਨੂੰ ਖ਼ਤਮ ਕਰਨ ਲਈ ਤਾਕਤ ਦੀ ਵਰਤੋਂ ਕਰਨ ਦੀ ਬਜਾਏ ਭਾਰਤ ਅਤੇ ਚੀਨ ਨੂੰ ਸਿੱਧੀ ਗੱਲਬਾਤ ਕਰਨੀ ਚਾਹੀਦੀ ਹੈ।
ਚੀਨ ਅਤੇ ਭਾਰਤੀ ਫ਼ੌਜਾਂ ਡੋਕਲਾਮ ਵਿਚ ਆਹਮੋ-ਸਾਹਮਣੇ ਹਨ ਜਿਸ ਉਪਰ ਭਾਰਤ ਦਾ ਸਹਿਯੋਗ ਭੂਟਾਨ ਵੀ ਦਾਅਵਾ ਕਰਦਾ ਹੈ। ਵਿਵਾਦਤ ਖੇਤਰ ਵਿਚ ਭਾਰਤੀ ਫ਼ੌਜੀਆਂ ਨੇ ਚੀਨੀ ਫ਼ੌਜ ਨੂੰ ਸੜਕ ਬਣਾਉਣ ਤੋਂ ਰੋਕਿਆ ਸੀ। ਅਮਰੀਕੀ ਰਖਿਆ ਵਿਭਾਗ ਦੇ ਬੁਲਾਰੇ ਗੈਰੀ ਰੌਸ ਨੇ ਕਿਹਾ, ''ਅਸੀ ਭਾਰਤ ਅਤੇ ਚੀਨ ਨੂੰ ਤਣਾਅ ਘਟਾਉਣ ਖ਼ਾਤਰ ਸਿੱਧੀ ਗੱਲਬਾਤ ਦਾ ਸੁਝਾਅ ਦੇ ਰਹੇ ਹਾਂ ਜਿਸ ਨਾਲ ਕਿਸੇ ਤਰ੍ਹਾਂ ਦੀ ਤਾਕਤ ਵਰਤਣ ਦੀ ਗੁੰਜਾਇਸ਼ ਖ਼ਤਮ ਹੋ ਜਾਵੇਗੀ।''
ਰੌਸ ਨੇ ਇਸ ਮਾਮਲੇ ਵਿਚ ਕਿਸੇ ਵੀ ਧਿਰ ਦੀ ਹਮਾਇਤ ਕਰਨ ਤੋਂ ਇਨਕਾਰ ਕਰ ਦਿਤਾ। ਇਹ ਪੁੱਛੇ ਜਾਣ 'ਤੇ ਕਿ ਕੀ ਪੈਂਟਾਗਨ, ਭਾਰਤ ਅਤੇ ਚੀਨ ਵਿਚਾਲੇ ਵਧਦੇ ਟਕਰਾਅ ਤੋਂ ਚਿੰਤਿਤ ਹੈ, ਰੌਸ ਨੇ ਕਿਹਾ, ''ਅਸੀ ਭਾਰਤ ਅਤੇ ਚੀਨ ਦੀਆਂ ਸਰਕਾਰਾਂ ਨੂੰ ਗੱਲਬਾਤ ਦੇ ਗੇੜ ਸ਼ੁਰੂ ਕਰਨ ਲਈ ਆਖ ਰਹੇ ਹਾਂ ਅਤੇ ਅਜਿਹੇ ਮਾਮਲਿਆਂ ਬਾਰੇ ਕਿਸੇ ਤਰ੍ਹਾਂ ਦੇ ਕਿਆਸੇ ਨਹੀਂ ਲਾਵਾਂਗੇ।''
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਕੁੱਝ ਵਰ੍ਹਿਆਂ ਤੋਂ ਚੀਨ ਦੇ ਲਗਭਗ ਸਾਰੇ ਗੁਆਂਢੀ ਮੁਲਕ ਸਰਹੱਦੀ ਵਿਵਾਦ ਸੁਲਝਾਉਣ ਲਈ ਬੀਜਿੰਗ 'ਤੇ ਤਾਕਤ ਦੀ ਵਰਤੋਂ ਕਰਨ ਦਾ ਦੋਸ਼ ਲਗਾ ਰਹੇ ਹਨ। ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਬ੍ਰਿਕਸ ਦੀ ਐਨ.ਐਸ.ਏ. ਬੈਠਕ ਵਿਚ ਸ਼ਾਮਲ ਹੋਣ ਲਈ ਅਗਲੇ ਹਫ਼ਤੇ ਬੀਜਿੰਗ ਜਾ ਰਹੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਅਪਣੀ ਫੇਰੀ ਦੌਰਾਨ ਉਹ ਡੋਕਲਾਮ ਮਸਲੇ 'ਤੇ ਅਪਣੇ ਚੀਨੀ ਹਮਰੁਤਬਾ ਨਾਲ ਗੱਲਬਾਤ ਕਰਨਗੇ। (ਪੀਟੀਆਈ)