ਰਾਜਸਥਾਨ ਦੇ ਕਰੌਲੀ 'ਚ ਕਰਫਿਊ ਜਾਰੀ, ਇੰਟਰਨੈੱਟ ਸੇਵਾ ਬੰਦ
ਸੁਪਰੀਮ ਕੋਰਟ ਦੇ ਐਸ.ਸੀ/ਐਸ.ਟੀ ਐਕਟ 'ਤੇ ਫ਼ੈਸਲੇ ਵਿਰੁਧ ਜਾਰੀ ਅੰਦੋਲਨ ਦੇ ਹਿੰਸਕ ਹੋਣ ਤੋਂ ਬਾਅਦ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਹਿੰਡੌਨ 'ਚ ਲਗਾਇਆ...
ਕਰੌਲੀ : ਸੁਪਰੀਮ ਕੋਰਟ ਦੇ ਐਸ.ਸੀ/ਐਸ.ਟੀ ਐਕਟ 'ਤੇ ਫ਼ੈਸਲੇ ਵਿਰੁਧ ਜਾਰੀ ਅੰਦੋਲਨ ਦੇ ਹਿੰਸਕ ਹੋਣ ਤੋਂ ਬਾਅਦ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਹਿੰਡੌਨ 'ਚ ਲਗਾਇਆ ਗਿਆ ਕਰਫ਼ਿਊ ਬੁੱਧਵਾਰ ਦੁਪਹਿਰ 1 ਵਜੇ ਤਕ ਲਾਗੂ ਰਹੇਗਾ। ਹਿੰਡੌਨ 'ਚ ਸਥਿਤੀ ਆਮ ਵਰਗੀ ਹੋ ਗਈ ਹੈ ਪਰ ਇੰਟਰਨੈੱਟ ਸੇਵਾਵਾਂ ਅਜੇ ਤਕ ਚਾਲੂ ਨਹੀਂ ਕੀਤੀਆਂ ਗਈਆਂ ਹਨ। ਸਥਿਤੀ ਦਾ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ। ਉਮੀਦ ਹੈ ਕਿ ਜਲਦ ਹੀ ਇੰਟਰਨੈਟ ਸੇਵਾਵਾਂ ਬਹਾਲ ਹੋ ਜਾਣਗੀਆਂ।
ਦਸ ਦਈਏ ਕਿ ਮੰਗਲਵਾਰ ਨੂੰ ਕਰੀਬ 40 ਹਜ਼ਾਰ ਲੋਕਾਂ ਦੀ ਭੀੜ ਨੇ ਕਰੌਲੀ ਜ਼ਿਲ੍ਹੇ ਦੇ ਹਿੰਡੌਨ 'ਚ ਭਾਜਪਾ ਦੀ ਦਲਿਤ ਵਿਧਾਇਕ ਰਾਜਕੁਮਾਰੀ ਜਾਟਵ ਅਤੇ ਸਾਬਕਾ ਮੰਤਰੀ ਭਰੋਸੀਲਾਲ ਜਾਟਵ ਦਾ ਘਰ ਸਾੜ ਦਿਤਾ ਸੀ। ਇਸ ਹਿੰਸਕ ਘਟਨਾ ਦੇ ਬਾਅਦ ਪ੍ਰਸ਼ਾਸਨ ਨੇ ਹਿੰਸਾ ਪ੍ਰਭਾਵਿਤ ਇਲਾਕੇ 'ਚ ਕਰਫ਼ਿਊ ਲਗਾਉਣ ਦੇ ਨਿਰਦੇਸ਼ ਦਿਤੇ ਸਨ।
ਮੰਗਲਵਾਰ ਨੂੰ ਅਗਜ਼ਨੀ ਅਤੇ ਪਥਰਾਅ ਦੀਆਂ ਘਟਨਾਵਾਂ ਤੋਂ ਬਾਅਦ 40 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੱਖ-ਵੱਖ ਦਲਿਤ ਸੰਗਠਨਾਂ ਵਲੋਂ ਭਾਰਤ ਬੰਦ ਬੁਲਾਇਆ ਗਿਆ ਸੀ। ਇਸ ਬੰਦ ਦੌਰਾਨ ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਲੁੱਟਖੋਹ, ਕੁੱਟਮਾਰ, ਪਥਰਾਅ ਅਤੇ ਅਗਜ਼ਨੀ ਦੀਆਂ ਖ਼ਬਰਾਂ ਆਈਆਂ ਸਨ।
ਸੂਬੇ ਦੇ ਪੁਲਿਸ ਮੁਖੀ ਨੇ ਦਸਿਆ ਕਿ ਹੁਣ ਤਕ 172 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਦੇ ਨਾਥਦੁਆਰਾ ਵਿਖੇ ਸਮਾਜ ਵਿਰੋਧੀ ਅਨਸਰਾਂ ਵਲੋਂ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜ ਦਿਤਾ ਗਿਆ ਸੀ। ਸ਼ਰਾਰਤੀ ਅਨਸਰਾਂ ਨੇ ਬੁੱਤ ਦੇ ਧੜ ਨੂੰ ਤੋੜਨ ਪਿਛੋਂ ਉਸ ਨੂੰ ਕੂੜੇ ਦੇ ਢੇਰ 'ਚ ਸੁੱਟ ਦਿਤਾ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਬੁੱਤ ਦਾ ਧੜ ਕਬਜ਼ੇ ਵਿਚ ਲੈ ਕੇ ਬਾਕੀ ਹਿੱਸੇ ਨੂੰ ਕੱਪੜੇ ਨਾਲ ਢੱਕ ਦਿਤਾ। ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ।