ਲਿੰਗਾਯਤ ਸਮਾਜ ਨੂੰ ਵੱਖਰੇ ਧਰਮ ਦਾ ਦਰਜਾ ਨਹੀਂ ਦੇਵੇਗੀ ਕੇਂਦਰ ਸਰਕਾਰ : ਅਮਿਤ ਸ਼ਾਹ
ਅਮਿਤ ਸ਼ਾਹ ਨੇ ਲਿੰਗਾਯਤ ਅਤੇ ਵੀਰਸ਼ੈਵ ਲਿੰਗਾਯਤ ਮੁੱਦੇ ਨੂੰ ਲੈ ਕੇ ਇਹ ਸਾਫ਼ ਕਰ ਦਿਤਾ ਹੈ ਕਿ ਉਨ੍ਹਾਂ ਨੂੰ ਵੱਖਰੇ ਧਰਮ ਦਾ ਦਰਜਾ ਕੇਂਦਰ ਸਰਕਾਰ ਨਹੀਂ ਦੇਣ ਵਾਲੀ ਹੈ।
ਨਵੀਂ ਦਿੱਲੀ : ਅਮਿਤ ਸ਼ਾਹ ਨੇ ਲਿੰਗਾਯਤ ਅਤੇ ਵੀਰਸ਼ੈਵ ਲਿੰਗਾਯਤ ਮੁੱਦੇ ਨੂੰ ਲੈ ਕੇ ਇਹ ਸਾਫ਼ ਕਰ ਦਿਤਾ ਹੈ ਕਿ ਉਨ੍ਹਾਂ ਨੂੰ ਵੱਖਰੇ ਧਰਮ ਦਾ ਦਰਜਾ ਕੇਂਦਰ ਸਰਕਾਰ ਨਹੀਂ ਦੇਣ ਵਾਲੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਲਿੰਗਾਯਤ ਸਮਾਜ ਦੇ ਸਾਰੇ ਮਹੰਤਾਂ ਦਾ ਇਹ ਕਹਿਣਾ ਹੈ ਕਿ ਸਮਾਜ ਨੂੰ ਵੰਡਣ ਨਹੀਂ ਦੇਣਾ ਹੈ। ਉਨ੍ਹਾਂ ਆਖਿਆ ਕਿ ਮੈਂ ਇਸ ਗੱਲ ਦਾ ਭਰੋਸਾ ਦਿਵਾਉਂਦਾ ਹਾਂ ਕਿ ਅਜਿਹਾ ਨਹੀਂ ਹੋਇਆ। ਜਦੋਂ ਤਕ ਭਾਜਪਾ ਦੀ ਸਰਕਾਰ ਹੈ ਕਿਸੇ ਵੀ ਤਰ੍ਹਾਂ ਦਾ ਬਟਵਾਰ ਨਹੀਂ ਹੋਵੇਗਾ।
ਉਨ੍ਹਾਂ ਨੇ ਇਸ ਨੂੰ ਬੀਐਸ ਯੇਦੀਯੁਰੱਪਾ ਨੂੰ ਕਰਨਾਟਕ ਦਾ ਅਗਲਾ ਮੁੱਖ ਮੰਤਰੀ ਬਣਨ ਤੋਂ ਰੋਕਣ ਦੀ ਸਾਜਿਸ਼ ਦਸਿਆ ਹੈ। ਦਸ ਦਈਏ ਕਿ ਰਾਜ ਵਿਚ 12 ਮਈ ਨੂੰ ਵਿਧਾਨ ਸਭਾ ਚੋਣਾਂ ਹਨ। ਨਤੀਜੇ 15 ਮਈ ਨੂੰ ਐਲਾਨ ਕੀਤੇ ਜਾਣਗੇ।
ਅਮਿਤ ਸ਼ਾਹ ਨੇ ਵੀਰਸ਼ੈਵ ਲਿੰਗਾਯਤ ਦੇ ਮਹੰਤਾਂ ਨੂੰ ਕਿਹਾ ਕਿ ਲਿੰਗਾਯਤ ਸਮਾਜ ਨੂੰ ਧਾਰਮਿਕ ਘੱਟ ਗਿਣਤੀ ਦਾ ਦਰਜਾ ਦੇਣ ਦੀ ਰਾਜ ਸਰਕਾਰ ਦੀ ਸਿਫ਼ਾਰਸ਼ ਨੂੰ ਕੇਂਦਰ ਸਰਕਾਰ ਨਹੀਂ ਮੰਨੇਗੀ। ਉਥੇ ਭਾਜਪਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਲਿੰਗਾਯਤ ਨੂੰ ਵੱਖਰੇ ਧਰਮ ਦਾ ਦਰਜਾ ਦੇਣ ਦੇ ਸੁਝਾਅ ਨੂੰ ਸਿਧਰਮਈਆ ਸਰਕਾਰ ਦੀ ਮਨਜ਼ੂਰੀ 'ਤੇ ਕਿਹਾ ਕਿ ਇਹ ਯੇਦੀਯੁਰੱਪਾ ਨੂੰ ਕਰਨਾਟਕ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਦੀ ਰਣਨੀਤੀ ਹੈ। ਉਹ ਲਿੰਗਾਯਤ ਵੋਟਾਂ ਦਾ ਧਰੁਵੀਕਰਨ ਚਾਹੁੰਦੇ ਹਨ ਪਰ ਸਮਾਜ ਇਸ ਨੂੰ ਲੈ ਕੇ ਜਾਗਰੂਕ ਹੈ। ਚੋਣ ਤੋਂ ਬਾਅਦ ਭਾਜਪਾ ਅਪਣਾ ਰੁਖ਼ ਸਪੱਸ਼ਟ ਕਰੇਗੀ।
ਨਾਲ ਹੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕਾਂਗਰਸ ਭ੍ਰਿਸ਼ਟਾਚਾਰ ਦਾ ਪ੍ਰਤੀਕ ਬਣ ਗਈ ਹੈ। ਦਸ ਦਈਏ ਕਿ ਕੱਲ੍ਹ ਅਪਣੀ ਯਾਤਰਾ ਦੇ ਪਹਿਲੇ ਦਿਨ ਉਨ੍ਹਾਂ ਨੇ ਲਿੰਗਾਯਤ ਮੱਠਾਂ ਦਾ ਦੌਰਾ ਕੀਤਾ ਅਤੇ ਨਾਲ ਹੀ ਚਿਤਰਦੁਰਗ਼ ਵਿਚ ਕਰੀਬ 43 ਮਿੰਟ ਤਕ ਪ੍ਰਭਾਵਸ਼ਾਲੀ ਦਲਿਤ ਮੱਠ ਸ਼ਰਨਾ ਮਧਰਾ ਗੁਰੂ ਪੀਠ ਦੇ ਮਹੰਤ ਮਧਰਾ ਚੇਨੈਈਆ ਸਵਾਮੀ ਨਾਲ ਮੁਲਾਕਾਤ ਕੀਤੀ ਸੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਵਿਸ਼ੇਸ਼ ਜਹਾਜ਼ਾਂ ਦੇ ਉੱਤਰ ਕਰਨਾਟਕ ਵਿਚ ਹੁਬਲੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਮੰਗਲਵਾਰ ਨੂੰ ਅਧਿਕਾਰੀਆਂ ਨੇ ਇਨ੍ਹਾਂ ਜਹਾਜ਼ਾਂ ਦੀ ਤਲਾਸ਼ੀ ਲਈ। ਕਰਨਾਟਕ ਵਿਚ 12 ਮਈ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਦੇ ਸਿਲਸਿਲੇ ਵਿਚ ਇਹ ਦੋਵੇਂ ਨੇਤਾ ਕਰਨਾਟਕ ਆਏ ਸਨ।
ਤਲਾਸ਼ੀ ਮੁਹਿੰਮ ਵਿਚ ਜ਼ਿਲ੍ਹਾ ਪੱਧਰ ਦੇ ਤਿੰਨ ਅਧਿਕਾਰੀ ਸ਼ਾਮਲ ਸਨ। ਅਧਿਕਾਰੀਆਂ ਨੇ ਦਸਿਆ ਕਿ ਕਰਨਾਟਕ ਵਿਚ ਮੁਕਤ ਅਤੇ ਨਿਰਪੱਖ ਚੋਣ ਯਕੀਨੀ ਕਰਨ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਇਹ ਮੁਹਿੰਮ ਚਲਾਈ ਗਈ। ਧਾਰਵਾੜ ਜ਼ਿਲ੍ਹੇ ਦੇ ਉਪ ਕਮਿਸ਼ਨਰ ਐਸ ਬੀ ਬੋਮੰਨਾਹੱਲੀ ਨੇ ਦਸਿਆ ਕਿ ਕਮਿਸ਼ਨ ਦੇ ਨੋਡਲ ਅਧਿਕਾਰੀ ਕਰਪਲੇ ਦੀ ਅਗਵਾਈ ਵਿਚ ਟੀਮ ਨੇ ਚੰਗੀ ਤਰ੍ਹਾਂ ਤਲਾਸ਼ੀ ਲਈ।