ਸ਼ਿਵਰਾਜ ਚੌਹਾਨ ਵਲੋਂ ਸਾਧੂ-ਸੰਤਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇਣ 'ਤੇ ਗਰਮਾਈ ਸਿਆਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਸਰਕਾਰ ਵਲੋਂ ਸਾਧੂ ਸੰਤਾਂ ਨੂੰ ਲੁਭਾਉਣ ਦੇ ਮਕਸਦ ਨਾਲ ਪੰਜ ਮਸ਼ਹੂਰ ਸੰਤਾਂ ਨੂੰ ਰਾਜ ਮੰਤਰੀ ਦਾ ਦਰਜਾ ਦੇਣ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਵਿਰੋਧੀ...

Madhya Pradesh Govt appointed 5 saints as State Minister

ਭੋਪਾਲ : ਮੱਧ ਪ੍ਰਦੇਸ਼ ਸਰਕਾਰ ਵਲੋਂ ਸਾਧੂ ਸੰਤਾਂ ਨੂੰ ਲੁਭਾਉਣ ਦੇ ਮਕਸਦ ਨਾਲ ਪੰਜ ਮਸ਼ਹੂਰ ਸੰਤਾਂ ਨੂੰ ਰਾਜ ਮੰਤਰੀ ਦਾ ਦਰਜਾ ਦੇਣ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਵਿਰੋਧੀ ਕਾਂਗਰਸ ਇਸ ਨੂੰ ਇਸੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਜੋੜ ਕੇ ਦੇਖ ਰਹੀ ਹੈ। ਇਨ੍ਹਾਂ ਪੰਜੇ ਧਾਰਮਿਕ ਨੇਤਾਵਾਂ ਵਿਚ ਨਰਮਦਾਨੰਦ ਮਹਾਰਾਜ, ਹਰੀਹਰਨੰਦ ਮਹਾਰਾਜ, ਕੰਪਿਊਟਰ ਬਾਬਾ, ਭਵਯੂ ਮਹਾਰਾਜ ਅਤੇ ਪੰਡਤ ਯੋਗੇਂਦਰ ਮਹੰਤ ਸ਼ਾਮਲ ਹਨ। 

ਜਦੋਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਇਨ੍ਹਾਂ ਧਾਰਮਕ ਨੇਤਾਵਾਂ ਨੂੰ ਰਾਜ ਮੰਤਰੀ ਦਾ ਦਰਜਾ ਦੇਣ ਦੇ ਫ਼ੈਸਲੇ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਹ ਕੁੱਝ ਵੀ ਕਹਿਣ ਤੋਂ ਬਚਦੇ ਨਜ਼ਰ ਆਏ। ਉਨ੍ਹਾਂ ਮੀਡੀਆ ਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿਤਾ। ਸਰਕਾਰ ਨਰਮਦਾ ਨਦੀ ਦੀ ਸੰਭਾਲ ਲਈ ਕੁੱਝ ਸੰਤਾਂ ਦੀ ਮਦਦ ਲਵੇਗੀ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਦਰਜੇ ਦੇ ਨਾਲ-ਨਾਲ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ, ਜਿਹੜੀਆਂ ਸੂਬੇ ਵਿਚ ਮੰਤਰੀਆਂ ਨੂੰ ਮਿਲ ਰਹੀਆਂ ਹਨ। 

ਭਾਵੇਂ ਸ਼ਿਵਰਾਜ ਚੌਹਾਨ ਨੇ ਇਸ ਬਾਰੇ ਅਪਣੀ ਕੋਈ ਪ੍ਰਤੀਕਿਰਿਆ ਨਹੀਂ ਦਿਤੀ, ਪਰ ਇਸ ਸਬੰਧ ਪੰਡਤ ਯੋਗੇਂਦਰ ਮਹੰਤ ਨੇ ਕਿਹਾ ਕਿ ਇਸ ਵਿਚ ਕੋਈ ਬੁਰਾਈ ਨਹੀਂ ਹੈ ਕਿਉਂਕਿ ਅਸੀਂ ਵਾਤਾਵਰਣ ਨੂੰ ਬਚਾਉਣ ਵਿਚ ਸਰਕਾਰ ਦੀ ਮਦਦ ਕਰ ਰਹੇ ਹਾਂ। ਇਸ ਤੋਂ ਇਲਾਵਾ ਪੌਦੇ ਲਗਾਉਣ ਵਿਚ ਵੀ ਸਰਕਾਰ ਦਾ ਹੱਥ ਵਟਾ ਰਹੇ ਹਾਂ। 

ਦੂਜੇ ਪਾਸੇ ਕਾਂਗਰਸ ਨੇ ਇਸ ਸਬੰਧੀ ਸ਼ਿਵਰਾਜ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਾਰਾ ਕੁੱਝ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾ ਰਿਹਾ ਹੈ। ਇਸ ਨਾਲ ਨਰਮਦਾ ਨਦੀ ਪਰਿਯੋਜਨਾ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ।

ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਪੰਕਜ ਚਤੁਰਵੇਦੀ ਨੇ ਇਸ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਸੰਤਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਅਪਣੇ ਪਾਪਾਂ ਤੋਂ ਬਚਣਾ ਚਾਹੁੰਦੇ ਹਨ ਅਤੇ ਨਾਲ ਹੀ ਉਹ ਚਾਹੁੰਦੇ ਹਨ ਕਿ ਚੋਣਾਂ ਵਿਚ ਸਾਧੂ-ਸੰਤਾਂ ਦਾ ਸਮਰਥਨ ਮਿਲ ਜਾਵੇ, ਜਿਸ ਨਾਲ ਆਮ ਜਨਤਾ ਨੂੰ ਵੀ ਗੁਮਰਾਹ ਕੀਤਾ ਜਾ ਸਕਦਾ ਹੈ।