ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਸਾਡਾ ਵਿਸ਼ਵਾਸ ਉਠਿਆ : ਊਧਵ ਠਾਕਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਨੋਟਬੰਦੀ, ਜੀ.ਐਸ.ਟੀ. ਅਤੇ ਹੋਰਨਾਂ ਮਸਲਿਆਂ 'ਤੇ ਅੱਜ ਅੱਜ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ....

Udhav Thackeray

ਮੁੰਬਈ, 23 ਜੁਲਾਈ : ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਨੋਟਬੰਦੀ, ਜੀ.ਐਸ.ਟੀ. ਅਤੇ ਹੋਰਨਾਂ ਮਸਲਿਆਂ 'ਤੇ ਅੱਜ ਅੱਜ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਅਤੇ ਮਹਾਰਸ਼ਟਰ ਸਰਕਾਰ ਤੋਂ ਉਨ੍ਹਾਂ ਦਾ ਵਿਸ਼ਵਾਸ ਉਠ ਚੁੱਕਾ ਹੈ।
ਊਧਵ ਠਾਕਰੇ ਦੀ ਇਕ ਵਿਸ਼ੇਸ਼ ਇੰਟਰਵਿਊ ਪਾਰਟੀ ਦੇ ਅਖ਼ਬਾਰਾਂ 'ਸਾਮਨਾ' ਅਤੇ 'ਦੁਪਹਿਰ ਕਾ ਸਾਮਨਾ' ਵਿਚ ਪ੍ਰਕਾਸ਼ਤ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਨੇ ਵੱਖ ਵੱਖ ਮਸਲਿਆਂ ਨੂੰ ਛੋਹਿਆ ਹੈ। 27 ਜੁਲਾਈ ਨੂੰ 57 ਸਾਲ ਦੇ ਹੋ ਰਹੇ ਸ਼ਿਵ ਸੈਨਾ ਆਗੂ ਤੋਂ ਜਦੋਂ ਪੁਛਿਆ ਗਿਆ ਕਿ ਕੀ ਉਹ ਇਸ ਮਹੀਨੇ ਲਾਗੂ ਕੀਤੇ ਗਏ ਜੀ.ਐਸ.ਟੀ. ਤੋਂ ਨਾਖ਼ੁਸ਼ ਹਨ ਤਾਂ ਉਨ੍ਹਾਂ ਕਿਹਾ, ''ਨਾਖ਼ੁਸ਼? ਇਹ ਸਰਾਸਰ ਲੋਕਾਂ ਦੀ ਲੁੱਟ ਹੈ ਅਤੇ ਅਸੀ ਚੁੱਪ ਨਹੀਂ ਬੈਠਾਂਗੇ। ਅਸੀ ਪਹਿਲਾਂ ਹੀ ਆਖ ਦਿਤਾ ਸੀ ਕਿ ਜੀ.ਐਸ.ਟੀ. ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ। ਗੁਜਰਾਤ ਵਿਚ ਛੋਟੇ ਵਪਾਰੀ ਜੀ.ਐਸ.ਟੀ. ਵਿਰੁਧ ਸੜਕਾਂ 'ਤੇ ਉਤਰੇ ਤਾਂ ਉਨ੍ਹਾਂ ਨੂੰ ਬੇਰਹਿਮੀ ਨਾਲ ਕੁਟਾਪਾ ਚਾੜ੍ਹਿਆ ਗਿਆ।''
ਊਧਵ ਠਾਕਰੇ ਨੇ ਕਿਹਾ, ''ਅਸੀ ਜੀ.ਐਸ.ਟੀ. ਦਾ ਵਿਰੋਧ ਕੀਤਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧੀਨ ਸੱਭ ਕੁੱਝ ਕੇਂਦਰੀਕ੍ਰਿਤ ਹੋ ਚੁੱਕਾ ਹੈ। ਕੀ ਇਸ ਨੂੰ ਅਸਲ ਜਮਹੂਰੀਅਤ ਆਖਿਆ ਜਾ ਸਕਦੈ? ਇਸ ਦੇ ਉਲਟ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਪੰਚਾਇਤੀ ਰਾਜ ਲਾਗੂ ਕਰ ਕੇ ਜਮਹੂਰੀਅਤ ਨੂੰ ਜ਼ਮੀਨੀ ਪੱਧਰ ਤਕ ਮਜ਼ਬੂਤ ਕੀਤਾ ਸੀ।''
'ਸਾਮਨਾ' ਦੇ ਕਾਰਜਕਾਰੀ ਸੰਪਾਦਕ ਸੰਜੇ ਰਾਊਤ ਨੇ ਜਦੋਂ ਊਧਵ ਠਾਕਰੇ ਨੂੰ ਸਵਾਲ ਕੀਤਾ ਕਿ ਸੱਚਾਈ ਬਿਆਨ ਕਰਨ 'ਤੇ ਤੁਹਾਡੇ ਨਾਲ ਗੱਦਾਰਾਂ ਵਾਲਾ ਸਲੂਕ ਕਿਉਂ ਕੀਤਾ ਜਾਂਦਾ ਹੈ ਤਾਂ ਸ਼ਿਵ ਸੈਨਾ ਦੇ ਮੁਖੀ ਨੇ ਕਿਹਾ, ''ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਲੋਕਾਂ ਨੂੰ ਪੁੱਛੋ ਅਸਲ ਗੱਦਾਰ ਕੌਣ ਹੈ ਜਿਨ੍ਹਾਂ ਨੂੰ ਨੋਟਬੰਦੀ ਕਾਰਨ ਨੌਕਰੀ ਗਵਾਉਣੀ ਪਈ। ਜਦੋਂ ਵੀ ਸ਼ਿਵ ਸੈਨਾ ਕੁੱਝ ਬੋਲਦੀ ਹੈ ਤਾਂ ਇਸ ਨੂੰ ਸਰਕਾਰ ਵਿਰੋਧੀ ਮੰਨ ਲਿਆ ਜਾਂਦਾ ਹੈ ਜਦਕਿ ਅਸੀ ਲੋਕ ਆਵਾਜ਼ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ।''
ਦੇਸ਼ ਦੇ ਹਾਲਾਤ ਬਾਰੇ ਪੁੱਛੇ ਜਾਣ 'ਤੇ ਠਾਕਰੇ ਨੇ ਕਿਹਾ, ''ਕੁੱਝ ਵੀ ਸਪੱਸ਼ਟ ਨਹੀਂ ਭਾਵ ਹਰ ਪਾਸੇ ਧੁੰਦ ਪਸਰੀ ਹੋਈ ਹੈ।  ਥੋੜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ ਹਾਲਾਤ ਵਿਚ ਬਦਲਾਅ ਨਹੀਂ ਆਇਆ। ਭਾਵੇਂ ਨੋਟਬੰਦੀ ਕਾਰਨ ਪੈਦਾ ਹੋਏ ਹਾਲਾਤ ਹੋਣ ਜਾਂ ਜੀ.ਐਸ.ਟੀ. ਕਾਰਨ ਅਤੇ ਜਾਂ ਫਿਰ ਦੇਸ਼ ਦੀ ਸਰਹੱਦ 'ਤੇ ਚੱਲ ਰਹੇ ਹਾਲਾਤ।'' (ਏਜੰਸੀ)