'1971 ਦੀ ਜੰਗ ਨਾ ਭੁੱਲੇ ਪਾਕਿਸਤਾਨ'
ਪਾਕਿਸਤਾਨ 'ਤੇ ਅਤਿਵਾਦ ਨੂੰ ਸ਼ਹਿ ਦੇਣ ਦਾ ਦੋਸ਼ ਲਾਉਂਦਿਆਂ ਐਨ.ਡੀ.ਏ. ਵਲੋਂ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਮ.ਵੈਂਕਈਆ ਨਾਇਡੂ ਨੇ ਅੱਜ ਗੁਆਂਢੀ ਮੁਲਕ ਨੂੰ 1971 ਦੀਆਂ
ਨਵੀਂ ਦਿੱਲੀ, 23 ਜੁਲਾਈ : ਪਾਕਿਸਤਾਨ 'ਤੇ ਅਤਿਵਾਦ ਨੂੰ ਸ਼ਹਿ ਦੇਣ ਦਾ ਦੋਸ਼ ਲਾਉਂਦਿਆਂ ਐਨ.ਡੀ.ਏ. ਵਲੋਂ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਮ.ਵੈਂਕਈਆ ਨਾਇਡੂ ਨੇ ਅੱਜ ਗੁਆਂਢੀ ਮੁਲਕ ਨੂੰ 1971 ਦੀਆਂ ਘਟਨਾਵਾਂ ਯਾਦ ਰੱਖਣ ਦੀ ਤਾਕੀਦ ਕੀਤ ਜਦੋਂ ਉਸ ਨੂੰ ਲੱਕ ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਨਾਇਡੂ ਨੇ ਪਾਕਿਸਤਾਨ 'ਤੇ ਇਹ ਦੋਸ਼ ਵੀ ਲਾਇਆ ਕਿ ਉਹ ਅਪਣੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਅਤਿਵਾਦ ਫੈਲਾਉਣ ਲਈ ਕਰਦਾ ਹੈ। ਇਥੇ ਕਰਵਾਏ ਗਏ 'ਕਾਰਗਿਲ ਪਰਾਕ੍ਰਮ ਪਰੇਡ' ਵਿਚ ਨਾਇਡੂ ਨੇ ਆਖਿਆ ਕਿ ਪਾਕਿਸਤਾਨ ਅਤਿਵਾਦ ਨੂੰ ਧਰਮ ਨਾਲ ਮਿਲਾ ਰਿਹਾ ਹੈ ਅਤੇ ਅਫ਼ਸੋਸ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਨੂੰ ਅਪਣੀ ਨੀਤੀ ਬਣਾ ਲਿਆ ਹੈ। ਅਤਿਵਾਦ ਇਨਸਾਨੀਅਤ ਦਾ ਦੁਸ਼ਮਣ ਹੈ ਅਤੇ ਇਸ ਦਾ ਕੋਈ ਧਰਮ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਇਸ ਦਾ ਇਕ ਇੰਚ ਹਿੱਸਾ ਵੀ ਗੁਆਂਢੀ ਮੁਲਕ ਨੂੰ ਨਹੀਂ ਦਿਤਾ ਜਾਵੇਗਾ। ਨਾਇਡੂ ਨੇ ਇਹ ਸਖ਼ਤ ਚਿਤਾਵਨੀ ਅਜਿਹੇ ਸਮੇਂ ਦਿਤੀ ਹੈ ਜਦੋਂ ਅਮਰੀਕੀ ਵਿਦੇਸ਼ ਵਿਭਾਗ ਨੇ ਪਾਕਿਸਤਾਨ ਨੂੰ ਉਨ੍ਹਾਂ ਮੁਲਕਾਂ ਵਿਚ ਸ਼ਾਮਲ ਕਰ ਲਿਆ ਜੋ ਅਤਿਵਾਦੀਆਂ ਨੂੰ ਸੁਰੱਖਿਅਤ ਟਿਕਾਣੇ ਮੁਹਈਆ ਕਰਵਾਉਂਦਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਮੁਲਕ ਨੂੰ ਸਮਝਣਾ ਚਾਹੀਦਾ ਹੈ ਕਿ ਅਤਿਵਾਦ ਦੀ ਮਦਦ ਅਤੇ ਇਸ ਵਾਸਤੇ ਉਕਸਾਹਟ ਨਾਲ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਉਨ੍ਹਾਂ ਨੂੰ 1971 ਦਾ ਤਜਰਬਾ ਹੈ ਅਤੇ ਇਹ ਗੱਲ ਯਾਦ ਰਖਣੀ ਚਾਹੀਦੀ ਹੈ ਕਿ ਅਪਣੇ ਲੋਕਾਂ ਲਈ ਸ਼ਾਂਤੀ ਅਤੇ ਖ਼ੁਸ਼ਹਾਲੀ ਹੀ ਸੱਭ ਤੋਂ ਬਿਹਤਰ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੇ ਮੁੱਦੇ 'ਤੇ 1971 ਵਿਚ ਹੋਈ ਜੰਗ ਦੌਰਾਨ ਪਾਕਿਸਤਾਨ ਨੂੰ ਇਖ਼ਲਾਕੀ ਕਾਰਨਾਂ ਕਰ ਕੇ ਹਾਰ ਦਾ ਮੂੰਹ ਵੇਖਣਾ ਪਿਆ ਸੀ ਅਤੇ ਹੁਣ ਵੀ ਉਸੇ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਹਨ। (ਏਜੰਸੀ)