ਬਰਤਾਨੀਆ ਦੀ ਕੋਰਟ ਆਫ਼ ਅਪੀਲ ਦੇ ਪਹਿਲੇ ਸਿੱਖ ਜੱਜ ਬਣੇ ਰਬਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰ ਰਬਿੰਦਰ ਸਿੰਘ ਨੂੰ ਤਰੱਕੀ ਦੇ ਕੇ ਬਰਤਾਨੀਆ ਦੀ ਕੋਰਟ ਆਫ਼ ਅਪੀਲ ਦਾ ਜੱਜ ਬਣਾਇਆ ਗਿਆ ਹੈ ਅਤੇ ਇਸ ਅਹੁਦੇ 'ਤੇ ਪੁੱਜਣ ਵਾਲੇ ਉਹ ਪਹਿਲੇ ਸਿੱਖ ਹਨ। ਅਪੀਲ ਅਦਾਲਤ ਦੇ..

Sikh

ਲੰਦਨ, 22 ਜੁਲਾਈ : ਸਰ ਰਬਿੰਦਰ ਸਿੰਘ ਨੂੰ ਤਰੱਕੀ ਦੇ ਕੇ ਬਰਤਾਨੀਆ ਦੀ ਕੋਰਟ ਆਫ਼ ਅਪੀਲ ਦਾ ਜੱਜ ਬਣਾਇਆ ਗਿਆ ਹੈ ਅਤੇ ਇਸ ਅਹੁਦੇ 'ਤੇ ਪੁੱਜਣ ਵਾਲੇ ਉਹ ਪਹਿਲੇ ਸਿੱਖ ਹਨ। ਅਪੀਲ ਅਦਾਲਤ ਦੇ ਜੱਜ ਦਾ ਅਹੁਦਾ ਬਰਤਾਨੀਆ ਦੀ ਨਿਆਇਕ ਪ੍ਰਣਾਲੀ ਦੇ ਸਿਖਰਲੇ ਅਹੁਦਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ ਜਿਥੇ ਕੁਲ 7 ਜੱਜ ਹੁੰਦੇ ਹਨ।
53 ਦੇ ਸਰ ਰਬਿੰਦਰ ਸਿੰਘ ਦਾ ਜਨਮ ਦਿੱਲੀ ਵਿਚ ਹੋਇਆ ਸੀ ਅਤੇ ਬਾਅਦ ਵਿਚ ਉਨ੍ਹਾਂ ਦਾ ਪਰਵਾਰ ਬਰਤਾਨੀਆ ਵਿਚ ਵਸ ਗਿਆ। ਉਨ੍ਹਾਂ ਨੇ ਕੈਂਬਰਿਜ ਯੂਨੀਵਰਸਟੀ ਅਧੀਨ ਆਉਂਦੇ ਵੱਕਾਰੀ ਟ੍ਰਿਨਿਟੀ ਕਾਲਜ ਆਫ਼ ਲਾਅ ਵਿਚ ਕਾਨੂੰਨ ਦੀ ਪੜ੍ਹਾਈ ਲਈ ਵਜ਼ੀਫ਼ਾ ਹਾਸਲ ਕੀਤਾ ਅਤੇ ਫਿਰ ਕੈਲੇਫ਼ੋਰਨੀਆ ਯੂਨੀਵਰਸਟੀ ਵਿਚ ਪੜ੍ਹਦਿਆਂ 1986 ਵਿਚ ਕਾਨੂੰਨ ਦੀ ਪੋਸਟ ਗ੍ਰੈਜੁਏਟ ਡਿਗਰੀ ਪ੍ਰਾਪਤ ਕੀਤੀ। ਉਹ 1986 ਤੋਂ 1988 ਤਕ ਯੂਨੀਵਰਸਟੀ ਆਫ਼ ਨੌਟਿੰਘਮ ਵਿਚ ਲੈਕਚਰਾਰ ਵੀ ਰਹੇ।
1989 ਵਿਚ ਉਨ੍ਹਾਂ ਨੂੰ ਬਾਰ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਅਤੇ 2002 ਵਿਚ ਉਹ ਸਰਕਾਰੀ ਵਕੀਲ ਬਣ ਗਏ। ਬਰਤਾਨੀਆ ਦੀ ਕੋਰਟ ਆਫ਼ ਅਪੀਲ ਵਿਚ ਹੋਰਨਾਂ ਅਦਾਲਤਾਂ ਜਾਂ ਟ੍ਰਿਬਿਊਨਲਾਂ ਤੋਂ ਆਏ ਮੁਕੱਦਮਿਆਂ 'ਤੇ ਹੀ ਸੁਣਵਾਈ ਕੀਤੀ ਜਾਂਦੀ ਹੈ। ਸਰ ਰਬਿੰਦਰ ਸਿੰਘ ਤੋਂ ਇਲਾਵਾ ਕੋਰਟ ਆਫ਼ ਅਪੀਲ ਦੇ ਜੱਜਾਂ ਵਿਚ ਜਸਟਿਸ ਐਸਪਲਿਨ, ਜਸਟਿਸ ਕੌਲਸਨ, ਜਸਟਿਸ ਹਾਲਰਾਇਡ, ਜਸਟਿਸ ਪੀਟਰ ਜੈਕਸਨ, ਜਸਟਿਯ ਲੈਗਾਟ ਅਤੇ ਜਸਟਿਸ ਨਿਊਏ ਸ਼ਾਮਲ ਹਨ।  
ਅਪੀਲ ਅਦਾਲਤ ਵਲੋਂ ਸੁਣਾਏ ਫ਼ੈਸਲੇ ਮਗਰੋਂ ਕਿਸੇ ਵਿਅਕਤੀ ਜਾਂ ਸੰਸਥਾ ਕੋਲ ਦੇਸ਼ ਦੀ ਸੁਪਰੀਮ ਕੋਰਟ ਵਿਚ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ। (ਪੀਟੀਆਈ)