ਦਿੱਲੀ ਪੁਲਿਸ ਦੇ ਏਐਸਆਈ ਨੇ ਮੈਟਰੋ ਟ੍ਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਨਸਿਕ ਪ੍ਰੇਸ਼ਾਨੀ ਦਾ ਸੀ ਸ਼ਿਕਾਰ

Suicide

ਨਵੀਂ ਦਿੱਲੀ : ਦਿੱਲੀ ਪੁਲਿਸ ਦੇ 46 ਸਾਲਾ ਇਕ ਸਹਾਇਕ ਸਬ ਇੰਸਪੈਕਟਰ (ਏਐਸਆਈ) ਨੇ ਵੀਰਵਾਰ ਨੂੰ ਇਕ ਮੈਟਰੋ ਟ੍ਰੇਨ ਅੱਗੇ ਛਾਲ ਮਾਰ ਕੇ ਕਥਿਤ ਤੌਰ 'ਤੇ ਆਤਮ ਹਤਿਆ ਕਰ ਲਈ। ਪੁਲਿਸ ਨੇ ਦਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਰਹਿਣ ਵਾਲਾ ਏਐਸਆਈ ਅਜੇ ਕੁਮਾਰ ਦਿੱਲੀ ਪੁਲਿਸ ਦੀ ਸੰਚਾਰ ਇਕਾਈ ਵਿਚ ਨਿਯੁਕਤ ਸੀ। ਉਨ੍ਹਾਂ ਦੇ ਪਰਵਾਰ ਵਿਚ ਉਨ੍ਹਾਂ ਦੀ ਪਤਨੀ, 19 ਸਾਲਾ ਇਕ ਬੇਟੀ ਅਤੇ 17 ਸਾਲ ਦਾ ਇਕ ਬੇਟਾ ਹੈ। 

ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਅਨੁਸਾਰ ਇਹ ਘਟਨਾ 'ਯੈਲੋ ਲਾਈਨ' (ਮਾਰਗ) ਦੇ ਜਹਾਂਗੀਰਪੁਰੀ ਸਟੇਸ਼ਨ 'ਤੇ ਦੁਪਹਿਰ 12 ਵਜੇ ਹੋਈ, ਜਦੋਂ ਟ੍ਰੇਨ ਹੁੱਡਾ ਸਿਟੀ ਸੈਂਟਰ ਵਲੋਂ ਆ ਰਹੀ ਸੀ। ਉਨ੍ਹਾਂ ਦਸਿਆ ਕਿ ਕੁਮਾਰ 12 ਫ਼ਰਵਰੀ  ਤੋਂ ਚਾਰ ਮਾਰਚ ਤਕ  ਮੈਡੀਕਲ ਛੁੱਟੀ 'ਤੇ ਸਨ। ਉਨ੍ਹਾਂ ਨੇ ਅਪਣੀ ਛੁੱਟੀ ਇਕ ਮਹੀਨੇ ਲਈ ਵਧਾ ਲਈ ਸੀ ਅਤੇ ਉਹ ਵੀਰਵਾਰ ਨੂੰ ਕੰਮ 'ਤੇ ਵਾਪਸ ਆਉਣ ਵਾਲੇ ਸਨ। ਪੁਲਿਸ ਕਮਿਸ਼ਨਰ (ਮੈਟਰੋ) ਮੁਹੰਮਦ ਅਲੀ ਨੇ ਦਸਿਆ ਕਿ ਕੁਮਾਰ ਨੇ ਅੱਜ ਦੁਪਹਿਰ ਜਹਾਂਗੀਰਪੁਰੀ ਮੈਟਰੋ ਸਟੇਸ਼ਨ 'ਤੇ ਮੈਟਰੋ ਟ੍ਰੇਨ ਅੱਗੇ ਛਾਲ ਮਾਰ ਦਿਤੀ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਅਧਿਕਾਰੀ ਨੇ ਦਸਿਆ ਕਿ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਕੀਤਾ ਗਿਆ। ਹਾਲਾਂਕਿ, ਸ਼ੁਰੂਆਤੀ ਜਾਂਚ ਵਿਚ ਇਹ ਖੁਲਾਸਾ ਹੋਇਅ ਹੈ ਕਿ ਕੁਮਾਰ  ਸ਼ਾਇਦ ਮਾਨਸਿਕ ਪ੍ਰੇਸ਼ਾਨੀ ਵਿਚ ਸਨ। ਮਾਮਲੇ ਦੀ ਜਾਂਚ ਜਾਰੀ ਹੈ। ਦਿੱਲੀ ਪੁਲਿਸ ਦੇ ਅੰਕੜਿਆਂ ਅਨੁਸਾਰ 2017 ਵਿਚ 11 ਅਤੇ 2018 ਵਿਚ ਨੌਂ ਪੁਲਿਸ ਮੁਲਾਜ਼ਮਾਂ ਨੇ ਆਤਮ ਹੱਤਿਆ ਕੀਤੀ ਸੀ।(ਪੀਟੀਆਈ)