ਵੀਵੀਆਈਪੀ ਹੈਲੀਕਾਪਟਰ: ਕਮਲਨਾਥ ਦੇ ਭਾਣਜੇ ਰਤੁਲ ਪੁਰੀ ਈਡੀ ਕੋਲ ਪੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਰੀ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀਐਮਐਲਏ) ਤਹਿਤ ਦਰਜ ਕੀਤਾ ਜਾਵੇਗਾ

Ratul Puri

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਰਤੁਲ ਪੁਰੀ ਅਗਸਤਾਵੇਸਟਲੈਂਡ ਵੀਵੀਆਈਪੀ ਹੈਲੀਕਾਪਟਰ ਮਨੀ ਲਾਂਡਰਿੰੰਗ ਮਾਮਲੇ ਵਿਚ ਵੀਰਵਾਰ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ ਕੋਲ ਪੇਸ਼ ਹੋਏ। ਅਧਿਕਾਰੀਆਂ ਨੇ ਦਸਿਆ ਕਿ ਪੁਰੀ ਮਾਮਲੇ ਦੇ ਜਾਂਚ ਅਧਿਕਾਰੀ ਨਾਲ ਸਵੇਰੇ ਕਰੀਬ 11 ਵਜੇ ਮਿਲੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੁਰੀ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀਐਮਐਲਏ) ਤਹਿਤ ਦਰਜ ਕੀਤਾ ਜਾਵੇਗਾ। 

ਈਡੀ ਨੇ ਬੁਧਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੂੰ ਜਾਣਕਾਰੀ ਦਿਤੀ ਸੀ ਕਿ ਉਸ ਨੇ ਅਗਸਤਾਵੇਸਟਲੈਂਡ ਵੀਵੀਆਈਪੀ ਹੈਲੀਕਾਪਟਰ ਮਨੀ ਲਾਂਡਰਿੰਗ ਮਾਮਲੇ ਵਿਚ ਪੁਰੀ ਨੂੰ ਪੁੱਛ-ਪੜਤਾਲ ਲਈ ਬੁਲਾਇਆ ਹੈ। ਪੁਰੀ ਹਿੰਦੂਸਤਾਨ ਪਾਵਰ ਪ੍ਰੋਜੈਕਟਸ ਪ੍ਰਾਈਵੇਟ ਲਿਮਟਡ ਦੇ ਪ੍ਰਧਾਨ ਹਨ। ਪੁਰੀ ਦੀ ਮਾਂ ਨੀਤਾ ਕਮਲਨਾਥ ਦੀ ਭੈਣ ਹੈ। ਈਡੀ ਨੇ ਦਸਿਆ ਕਿ ਪੁਰੀ ਨੂੰ ਇਸ ਮਾਮਲੇ ਦੇ ਕਥਿਤ ਵਿਚੋਲੀਏ ਸੁਸ਼ੇਨ ਮੋਹਨ ਗੁਪਤਾ ਦਾ ਸਾਹਮਣਾ ਕਰਵਾਉਣ ਲਈ ਤਲਬ ਕੀਤਾ ਗਿਆ ਹੈ।। ਅਦਾਲਤ ਨੇ ਗੁਪਤਾ ਦੀ ਹਿਰਾਸਤ ਵਿਚ ਪੁੱਛ-ਪੜਤਾਲ ਦਾ ਸਮਾਂ ਬੁਧਵਾਰ ਨੂੰ ਤਿੰੰਨ ਦਿਨ ਵਧਾ ਦਿਤਾ ਸੀ। 

ਗੁਪਤਾ ਦੀ ਹਿਰਾਸਤ ਸਮਾਂ ਸੀਮਾ ਵਧਾਉਣ ਦੀ ਮੰਗ ਕਰਦਿਆਂ ਈਡੀ ਨੇ ਅਦਾਲਤ ਨੂੰ ਕਿਹਾ ਸੀ ਕਿ ਉਸ ਦਾ ਇਸ ਮਾਮਲੇ ਵਿਚ ਪੁਰੀ ਸਣੇ ਵੱਖ ਵੱਖ ਲੋਕਾਂ ਨਾਲ ਆਮਣਾ-ਸਾਹਮਣਾ ਕਰਵਾਇਆ ਜਾਣਾ ਹੈ। ਇਹ ਮਾਮਲਾ ਹੁਣ ਰੱਦ ਹੋ ਚੁੱਕੇ 3,600 ਕਰੋੜ ਰੁਪਏ ਦੇ ਹੈਲੀਕਾਪਟਰ ਸੌਦੇ ਨਾਲ ਜੁੜਿਆ ਹੈ। ਬੁਧਵਾਰ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਤਲਬ ਕੀਤੇ ਗਏ ਪੁਰੀ ਨੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ  ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਉੁਨ੍ਹਾਂ ਦੀ ਕੰਪਨੀ ਨੇ ਅਪਣੇ ਬਿਆਨ ਵਿਚ ਕਿਹਾ ਸੀ, ''ਉਹ ਈਡੀ ਨਾਲ ਜਾਂਚ ਵਿਚ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਣਗੇ ਅਤੇ ਜ਼ਰੂਰਤ ਪੈਣ 'ਤੇ ਕੋਈ ਵੀ ਸਪੱਸ਼ਟੀਕਰਨ ਜਾਂ ਜਾਣਕਾਰੀ ਦੇਣਗੇ।''  (ਪੀਟੀਆਈ)