ਸ੍ਰੀਲੰਕਾ 'ਚ ਐਮਰਜੈਂਸੀ ਦੌਰਾਨ ਪੂਰੀ ਕੈਬਨਿਟ ਨੇ ਦਿੱਤਾ ਅਸਤੀਫ਼ਾ, PM ਦੇ ਪੁੱਤ ਨੇ ਵੀ ਛੱਡੇ ਸਾਰੇ ਅਹੁਦੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਤਰੀ ਮੰਡਲ ਦੇ ਇਸ ਸਮੂਹਿਕ ਅਸਤੀਫ਼ੇ ਦਾ ਕੋਈ ਕਾਰਨ ਨਹੀਂ ਦੱਸਿਆ ਹੈ।

​Sri Lanka

 

ਸ੍ਰੀਲੰਕਾ ਵਿੱਚ ਐਮਰਜੈਂਸੀ ਦੌਰਾਨ ਸਿਆਸੀ ਉਥਲ-ਪੁਥਲ ਤੇਜ਼ ਹੋ ਗਈ ਹੈ। ਦੇਸ਼ ਦੀ ਪੂਰੀ ਕੈਬਨਿਟ ਨੇ ਐਤਵਾਰ ਦੇਰ ਰਾਤ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇ ਦਿੱਤਾ ਹੈ। ਦੇਸ਼ ਦੇ ਸਿੱਖਿਆ ਮੰਤਰੀ ਅਤੇ ਸਦਨ ਦੇ ਨੇਤਾ ਦਿਨੇਸ਼ ਗੁਣਵਰਧਨੇ ਨੇ ਕਿਹਾ ਕਿ ਮੰਤਰੀ ਮੰਡਲ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੂੰ ਛੱਡ ਕੇ ਬਾਕੀ ਸਾਰੇ 26 ਮੰਤਰੀਆਂ ਨੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਹਨ। ਹਾਲਾਂਕਿ ਉਨ੍ਹਾਂ ਨੇ ਮੰਤਰੀ ਮੰਡਲ ਦੇ ਇਸ ਸਮੂਹਿਕ ਅਸਤੀਫ਼ੇ ਦਾ ਕੋਈ ਕਾਰਨ ਨਹੀਂ ਦੱਸਿਆ ਹੈ।

ਕੈਬਨਿਟ ਦੇ ਅਸਤੀਫ਼ੇ ਤੋਂ ਪਹਿਲਾਂ ਦੇਸ਼ ਦੇ ਖੇਡ ਮੰਤਰੀ ਅਤੇ ਪੀਐਮ ਰਾਜਪਕਸ਼ੇ ਦੇ ਬੇਟੇ ਨਮਲ ਰਾਜਪਕਸ਼ੇ ਨੇ ਆਪਣੇ ਸਾਰੇ ਵਿਭਾਗਾਂ ਤੋਂ ਅਸਤੀਫਾ ਦੇ ਦਿੱਤਾ ਸੀ। ਕਰੀਬ ਇੱਕ ਘੰਟੇ ਬਾਅਦ, ਹੋਰ ਮੰਤਰੀਆਂ ਨੇ ਆਪਣੇ ਅਸਤੀਫੇ ਦੇ ਦਿੱਤੇ। ਮੰਤਰੀ ਮੰਡਲ ਦੇ ਅਸਤੀਫੇ ਦਾ ਪੱਤਰ ਹੁਣ ਪ੍ਰਧਾਨ ਮੰਤਰੀ ਕੋਲ ਹੈ, ਜਿਸ ਨੂੰ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਸੌਂਪਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਨਵੀਂ ਕੈਬਨਿਟ ਦਾ ਗਠਨ ਕੀਤਾ ਜਾਵੇਗਾ।

 

ਇਸ ਤੋਂ ਪਹਿਲਾਂ ਐਤਵਾਰ ਨੂੰ ਰਾਜਧਾਨੀ ਕੋਲੰਬੋ 'ਚ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨ 'ਤੇ 650 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਲੋਕ ਆਰਥਿਕ ਮੰਦਹਾਲੀ ਦੇ ਵਿਰੋਧ ਵਿੱਚ ਕਰਫਿਊ ਤੋੜ ਕੇ ਸਰਕਾਰ ਖ਼ਿਲਾਫ਼ ਮਾਰਚ ਕੱਢ ਰਹੇ ਸਨ। ਸ਼੍ਰੀਲੰਕਾ 'ਚ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਬਾਅਦ ਐਤਵਾਰ ਨੂੰ ਦੇਸ਼ 'ਚ ਫੇਸਬੁੱਕ, ਟਵਿੱਟਰ, ਵਟਸਐਪ ਅਤੇ ਇੰਸਟਾਗ੍ਰਾਮ ਸਮੇਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਬੰਦ ਹੋ ਗਏ। ਇੰਟਰਨੈੱਟ ਨਿਗਰਾਨੀ ਸੰਗਠਨ ਨੈੱਟਬਲਾਕ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਰਾਜਧਾਨੀ ਕੋਲੰਬੋ ਦੇ ਹਰ ਕੋਨੇ 'ਤੇ ਫੌਜ ਅਤੇ ਪੁਲਿਸ ਦੇ ਜਵਾਨ ਪਹਿਰਾ ਦੇ ਰਹੇ ਹਨ, ਤਾਂ ਜੋ ਮਾਹੌਲ ਖਰਾਬ ਨਾ ਹੋਵੇ।