Hema Malini: ਰਣਦੀਪ ਸੁਰਜੇਵਾਲਾ ਦੇ ਵਿਵਾਦਿਤ ਬਿਆਨ ਤੋਂ ਗੁੱਸੇ 'ਚ ਆਈ ਹੇਮਾ ਮਾਲਿਨੀ, ਅਦਾਕਾਰਾ ਨੇ ਦਿੱਤਾ ਕਰਾਰਾ ਜਵਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਰਜੇਵਾਲਾ ਦੀ ਟਿੱਪਣੀ 'ਤੇ ਬੋਲੀ ਹੇਮਾ ਮਾਲਿਨੀ,ਕਿਹਾ- ਸਿਰਫ ਨਾਮ ਵਾਲੇ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ

Hema Malini & Randeep Surjewala

Hema Malini: ਮਥੁਰਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਵਲੋਂ ਆਪਣੇ ਪ੍ਰਤੀ ਕਥਿਤ ਅਪਮਾਨਜਨਕ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਨਿਸ਼ਾਨਾ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਬਣਾਇਆ ਜਾਂਦਾ ਹੈ, ਜੋ ਨਾਮ ਵਾਲੇ ਹੁੰਦੇ ਹਨ। 

 

ਮਥੁਰਾ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੀ ਹੇਮਾ ਮਾਲਿਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਰਜੇਵਾਲਾ ਦੇ ਕਥਿਤ ਇਤਰਾਜ਼ਯੋਗ ਬਿਆਨ ਬਾਰੇ ਪੁੱਛੇ ਜਾਣ 'ਤੇ ਕਿਹਾ, ''ਟਾਰਗੇਟ  ਉਨ੍ਹਾਂ ਲੋਕਾਂ ਨੂੰ ਹੀ ਕੀਤਾ ਜਾਂਦਾ ਹੈ ,ਜੋ ਨਾਮ ਵਾਲੇ ਲੋਕ ਹਨ। ਜਿਨ੍ਹਾਂ ਦਾ ਨਾਮ ਨਹੀਂ ਹੈ , ਉਨ੍ਹਾਂ ਨੂੰ ਟਾਰਗੇਟ ਕਰਕੇ ਕੀ ਫਾਇਦਾ ਹੋਵੇਗਾ ? ਇਕ ਹੋਰ ਸਵਾਲ 'ਤੇ ਉਨ੍ਹਾਂ ਕਿਹਾ ਕਿ ਪਤਾ ਨਹੀਂ ਕਾਂਗਰਸ ਲੀਡਰਸ਼ਿਪ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀ? ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਿੱਖਣਾ ਚਾਹੀਦਾ ਹੈ ਕਿ ਔਰਤਾਂ ਦਾ ਸਨਮਾਨ ਕਿਵੇਂ ਕਰਨਾ ਹੈ।

 

ਦਰਅਸਲ 'ਚ ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸੁਰਜੇਵਾਲਾ ਨੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਅਤੇ ਮਥੁਰਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਉਨ੍ਹਾਂ ਦੇ ਇਸ ਬਿਆਨ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਦੌਰਾਨ ਸੁਰਜੇਵਾਲਾ ਦੇ ਬਿਆਨ 'ਤੇ ਹੇਮਾ ਮਾਲਿਨੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਹੇਮਾ ਮਾਲਿਨੀ ਨੇ ਕਿਹਾ, 'ਉਨ੍ਹਾਂ ਦਾ ਕੰਮ ਹੈ ਕਹਿਣਾ। ਵਿਰੋਧੀ ਹੋਣਗੇ ਤਾਂ ਮੇਰੇ ਲਈ ਚੰਗਾ ਤਾਂ ਨਹੀਂ ਬੋਲਣਗੇ। ਉਨ੍ਹਾਂ ਨੂੰ ਬੋਲਣ ਦਿਓ। ਜਨਤਾ ਮੇਰੇ ਨਾਲ ਹੈ ਅਤੇ ਮੈਂ ਉਨ੍ਹਾਂ ਦੇ ਬਿਆਨਾਂ ਤੋਂ ਪਰੇਸ਼ਾਨ ਨਹੀਂ ਹਾਂ। ਵਿਰੋਧੀ ਧਿਰ ਦਾ ਕੰਮ ਸਿਰਫ ਬਿਆਨਬਾਜ਼ੀ ਕਰਨਾ ਹੀ ਹੈ।

ਕੀ ਹੈ ਪੂਰਾ ਮਾਮਲਾ?


ਦੱਸ ਦੇਈਏ ਕਿ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ 1 ਅਪ੍ਰੈਲ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਲੋਕ ਸਭਾ ਹਲਕੇ ਦੇ ਇੱਕ ਪਿੰਡ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰਨ ਪਹੁੰਚੇ ਸਨ। ਇੰਡੀਆ ਗਠਜੋੜ ਦੇ ਉਮੀਦਵਾਰ ਸੁਸ਼ੀਲ ਗੁਪਤਾ ਦੇ ਸਮਰਥਨ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸੁਰਜੇਵਾਲਾ ਨੇ ਭਾਜਪਾ ਨੇਤਾ ਅਤੇ ਮਥੁਰਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਖਿਲਾਫ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਇਆ ਸੀ, ਜਿਸ ਲਈ ਭਾਜਪਾ ਨੇ ਕਾਂਗਰਸ ਦੀ ਸਖ਼ਤ ਆਲੋਚਨਾ ਕੀਤੀ ਸੀ।

ਦੂਜੇ ਪਾਸੇ ਭਾਜਪਾ ਦੀ ਮਹਿਲਾ ਸੂਬਾ ਪ੍ਰਧਾਨ ਚਿਤਰਾ ਕਿਸ਼ੋਰ ਵਾਘ ਨੇ ਵੀ ਕਾਂਗਰਸੀ ਆਗੂ ਦੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ, 'ਜਿੱਥੇ ਔਰਤਾਂ ਦੀ ਪੂਜਾ ਹੁੰਦੀ ਹੈ, ਉਥੇ ਦੇਵਤਾਵਾਂ ਦਾ ਨਿਵਾਸ ਹੁੰਦਾ ਹੈ ਪਰ ਕਾਂਗਰਸ ਪਾਰਟੀ ਭੂਤਾਂ ਦਾ ਅੱਡਾ ਬਣ ਚੁੱਕੀ ਹੈ। ਇਹ ਪਾਰਟੀ ਲਗਾਤਾਰ ਔਰਤਾਂ ਦਾ ਅਪਮਾਨ ਕਰ ਰਹੀ ਹੈ।’ ਉਨ੍ਹਾਂ ਕਿਹਾ, ‘ਮੈਂ ਕਾਂਗਰਸ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਜਿਹੀ ਅਸ਼ਲੀਲ ਭਾਸ਼ਾ ਦੀ ਵਰਤੋਂ ਨਾ ਕਰੇ। ਨਹੀਂ ਤਾਂ ਇੱਥੋਂ ਦੇ ਲੋਕ ਤੁਹਾਨੂੰ ਚੋਣਾਂ ਵਿੱਚ ਹਰਾ ਦੇਣਗੇ।