ਭਾਰਤ ਲਈ ਖ਼ਤਰੇ ਦੀ ਘੰਟੀ : ਦੁਨੀਆਂ ਦੇ 15 ਸਭ ਤੋਂ ਪ੍ਰਦੂਸ਼ਤ ਸ਼ਹਿਰਾਂ 'ਚ 14 ਭਾਰਤ ਦੇ
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਵਲੋਂ ਜਾਰੀ ਗਲੋਬਲ ਪ੍ਰਦੂਸ਼ਣ ਡੇਟਾਬੇਸ ਵਿਚ ਭਾਰਤ ਨੂੰ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਨਾ ਪੈ ...
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਵਲੋਂ ਜਾਰੀ ਗਲੋਬਲ ਪ੍ਰਦੂਸ਼ਣ ਡੇਟਾਬੇਸ ਵਿਚ ਭਾਰਤ ਨੂੰ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਸੂਚੀ ਵਿਚ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ 15 ਸ਼ਹਿਰਾਂ ਵਿਚੋਂ 14 ਭਾਰਤ ਦੇ ਹਨ। ਕਾਨਪੁਰ ਨੂੰ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਤ ਸ਼ਹਿਰ ਦਸਿਆ ਗਿਆ ਹੈ। 100 ਦੇਸ਼ਾਂ ਦੇ 4 ਹਜ਼ਾਰ ਤੋਂ ਜ਼ਿਆਦਾ ਸ਼ਹਿਰਾਂ ਦੇ ਡੇਟਾਬੇਸ ਤੋਂ ਪਤਾ ਚਲਦਾ ਹੈ ਕਿ ਗੰਭੀਰ ਹਵਾ ਪ੍ਰਦੂਸ਼ਣ 'ਤੇ ਕੇਂਦਰ ਅਤੇ ਸੂਬੇ ਵਲੋਂ ਕਦਮ ਉਠਾਉਣ ਦੇ ਬਾਵਜੂਦ 2010 ਤੋਂ 2014 ਦੇ ਵਿਚਕਾਰ ਮਾਮੂਲੀ ਸੁਧਾਰ ਹੋਇਆ ਹੈ, ਪਰ 2015 ਤੋਂ ਫਿਰ ਸਥਿਤੀ ਖ਼ਰਾਬ ਹੋਈ।
ਡਬਲਯੂਐਚਓ ਵਲੋਂ ਸਾਲਾਨਾ ਸਰਵੇ ਦੇ ਆਧਾਰ 'ਤੇ ਬੁੱਧਵਾਰ (2 ਮਈ) ਨੂੰ ਜਾਰੀ ਇਸ ਸੂਚੀ ਵਿਚ ਪੀਐਮ 10 ਅਤੇ ਪੀਐਮ 2.5 ਦੇ ਪੱਧਰ ਨੂੰ ਸ਼ਾਮਲ ਕੀਤਾ ਗਿਆ ਹੈ। 2010 ਤੋਂ ਲੈ ਕੇ 2016 ਤਕ ਦੀ ਰਿਪੋਰਟ ਵਿਚ ਟਾਪ 15 ਵਿਚ 14 ਭਾਰਤੀ ਸ਼ਹਿਰ ਹੀ ਹਨ। ਉਥੇ ਹੀ ਵਿਸ਼ਵ ਸਿਹਤ ਸੰਗਠਨ ਵਲੋਂ ਕੁਲ 20 ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
2016 ਵਿਚ ਸਭ ਤੋਂ ਪ੍ਰਦੂਸ਼ਤ ਸ਼ਹਿਰ ਕਾਨਪੁਰ ਰਿਹਾ ਹੈ। ਇਸ ਤੋਂ ਬਾਅਦ ਫ਼ਰੀਦਾਬਾਦ, ਵਾਰਾਣਸੀ, ਗਯਾ, ਪਟਨਾ, ਦਿੱਲੀ, ਲਖਨਊ, ਆਗਰਾ, ਮੁਜ਼ੱਫ਼ਰਪੁਰ, ਸ੍ਰੀਨਗਰ, ਗੁੜਗਾਉਂ, ਜੈਪੁਰ, ਪਟਿਆਲਾ ਅਤੇ ਜੋਧਪੁਰ ਦਾ ਨੰਬਰ ਹੈ। ਦਿੱਲੀ ਵਿਚ ਪੀਐਮ 2.5 ਦਾ ਪੱਧਰ 143 ਦਰਜ ਕੀਤਾ ਗਿਆ। ਉਥੇ ਹੀ ਦਿੱਲੀ ਨੂੰ 2015 ਦੇ ਪ੍ਰਦੂਸ਼ਛ ਸ਼ਹਿਰਾਂ ਦੀ ਸੂਚੀ ਵਿਚ ਚੌਥਾ ਸਥਾਨ ਹਾਸਲ ਹੋਇਆ। ਇਸ ਸਾਲ ਛੇ ਭਾਰਤੀ ਸ਼ਹਿਰ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿਚ ਸਨ। ਇਸ ਵਿਚ ਪਹਿਲੇ ਸਥਾਨ 'ਤੇ ਮੁਜ਼ੱਫਰਪੁਰ ਸੀ ਤਾਂ ਛੇਵੇਂ ਸਥਾਨ 'ਤੇ ਆਗਰਾ, ਸੱਤਵੇਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਵਾਰਾਨਸੀ, ਅੱਠਵੇਂ 'ਤੇ ਕਾਨਪੁਰ, ਨੌਵੇਂ 'ਤੇ ਲਖਨਊ ਅਤੇ 18ਵੇਂ 'ਤੇ ਨਾਰਾਇਣਗੰਜ ਰਿਹਾ।
ਇਸ ਤੋਂ ਇਕ ਸਾਲ ਪਹਿਲਾਂ 2014 ਵਿਚ ਡਬਲਯੂਐਚਓ ਦੀ ਸੂਚੀ ਵਿਚ ਸਿਰਫ਼ ਚਾਰ ਭਾਰਤੀ ਸ਼ਹਿਰਾਂ ਦੇ ਨਾਮ ਸਨ। 2014 ਵਿਚ ਦਿੱਲੀ ਦਾ ਸੱਤਵਾਂ ਸਥਾਨ ਸੀ। ਉਥੇ ਹੀ 11ਵੇਂ ਸਥਾਨ 'ਤੇ ਨਰਾਇਣਗੰਜ, 15ਵੇਂ 'ਤੇ ਆਗਰਾ, 17ਵੇਂ 'ਤੇ ਗਾਜ਼ੀਪੁਰ ਰਹੇ। 2013 ਵਿਚ ਪ੍ਰਦੂਸ਼ਛ ਸ਼ਹਿਰਾਂ ਦੀ ਸੂਚੀ ਵਿਚ ਸਿਰਫ਼ ਚਾਰ ਭਾਰਤੀ ਸ਼ਹਿਰ ਸ਼ਾਮਲ ਸਨ। 2013 ਵਿਚ ਬਨਾਰਸ ਪਹਿਲੇ ਨੰਬਰ 'ਤੇ ਸੀ, ਦਿੱਲੀ 7ਵੇਂ, ਆਗਰਾ 16ਵੇਂ ਅਤੇ ਨਰਾਇਣਗੰਜ 19ਵੇਂ ਨੰਬਰ 'ਤੇ ਸੀ।
ਖ਼ਾਸ ਗੱਲ ਇਹ ਹੈ ਕਿ 2012 ਪਹਿਲਾ ਅਜਿਹਾ ਸਾਲ ਸੀ, ਜਿਸ ਸਾਲ ਵਿਚ ਦੁਨੀਆਂ ਦੇ 20 ਪ੍ਰਦੂਸ਼ਤ ਸ਼ਹਿਰਾਂ ਵਿਚ 12 ਭਾਰਤੀ ਸ਼ਹਿਰਾਂ ਦੇ ਹੋਣ 'ਤੇ ਦਿੱਲੀ ਦਾ ਨਾਮ ਨਹੀਂ ਸੀ। 2012 ਵਿਚ ਗਵਾਲੀਅਰ, ਆਗਰਾ, ਰਾਏਪੁਰ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਸਨ।