ਕਰਨਾਟਕ ਚੋਣ : ਭਾਜਪਾ ਦਾ ਚੋਣ ਐਲਾਨ ਪੱਤਰ ਜਾਰੀ, ਕਿਸਾਨਾਂ ਤਕ ਪਹੁੰਚ ਵਧਾਉਣ ਦੀ ਕੋਸ਼ਿਸ਼
ਕਰਨਾਟਕ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਵਿਚ ਹੁਣ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ। ਇਸ ਨੂੰ ਦੇਖਦੇ ਹੋਏ ਸ਼ੁਕਰਵਾਰ ਨੂੰ ਭਾਜਪਾ ਦੇ ਮੁੱਖ ...
ਬੰਗਲੁਰੂ : ਕਰਨਾਟਕ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਵਿਚ ਹੁਣ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ। ਇਸ ਨੂੰ ਦੇਖਦੇ ਹੋਏ ਸ਼ੁਕਰਵਾਰ ਨੂੰ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬੀਐਸ ਯੇਦੀਯੁਰੱਪਾ ਦੀ ਅਗਵਾਈ ਵਿਚ ਪਾਰਟੀ ਦਾ ਐਲਾਨ ਪੱਤਰ ਜਾਰੀ ਕਰ ਦਿਤਾ ਗਿਆ ਹੈ। ਇਸ ਮੌਕੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਸਮੇਤ ਸੂਬੇ ਦੇ ਕਈ ਵੱਡੇ ਨੇਤਾ ਮੌਜੂਦ ਸਨ। ਪਾਰਟੀ ਦੇ ਐਲਾਨ ਪੱਤਰ ਵਿਚ ਕਿਸਾਨਾਂ, ਔਰਤਾਂ ਦਾ ਵਿਸ਼ੇਸ਼ ਧਿਆਨ ਰਖਿਆ ਗਿਆ ਹੈ। ਦਸ ਦਈਏ ਕਿ ਕਰਨਾਟਕ ਦੀ 224 ਮੈਂਬਰੀ ਵਿਧਾਨ ਸਭਾ ਚੋਣ ਲਈ 12 ਮਈ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 15 ਮਈ ਨੂੰ ਹੋਵੇਗੀ।
ਭਾਜਪਾ ਨੇ ਅਪਣੇ ਐਲਾਨ ਪੱਤਰ ਵਿਚ ਕਿਹਾ ਗਿਆ ਹੈ ਕਿ ਭਾਜਪਾ ਦੀ ਸਰਕਾਰ ਬਣਨ 'ਤੇ ਪਹਿਲੀ ਕੈਬਨਿਟ ਵਿਚ ਹੀ ਕਿਸਾਨਾਂ ਦਾ ਇਕ ਲੱਖ ਰੁਪਏ ਤਕ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਜਾਵੇਗਾ। ਸੂਬੇ ਵਿਚ ਡੇਅਰੀ ਨੂੰ ਬੜ੍ਹਾਵਾ ਦੇਣ ਲਈ 100 ਕਰੋੜ ਰੁਪਏ ਦਾ ਫੰਡ ਬਣਾਇਆ ਜਾਵੇਗਾ। ਇਸ ਯੋਜਨਾ ਵਿਚ ਔਰਤਾਂ ਦੀ ਹਿੱਸੇਦਾਰੀ ਯਕੀਨੀ ਕੀਤੀ ਜਾਵੇਗੀ।
'ਇਸਤਰੀ ਸੁਵਿਧਾ ਸਕੀਮ' ਤਹਿਤ ਬੀਪੀਐਲ ਪਰਵਾਰਾਂ ਦੀਆਂ ਔਰਤਾਂ ਅਤੇ ਵਿਦਿਆਰਥਣਾਂ ਨੂੰ ਮੁਫ਼ਤ ਵਿਚ ਸੈਨੇਟਰੀ ਨੈਪਕਿਨ ਮੁਹਈਆ ਕਰਵਾਏ ਜਾਣਗੇ। ਜਦਕਿ ਹੋਰ ਔਰਤਾਂ ਤੋਂ ਇਸ ਦੇ ਲਈ 1 ਰੁਪਈਆ ਲਿਆ ਜਾਵੇਗਾ। ਮੁੱਖ ਮੰਤਰੀ ਸਮਾਰਟਫ਼ੋਨ ਯੋਜਨਾ ਤਹਿਤ ਬੀਪੀਐਲ ਪਰਵਾਰਾਂ ਦੀਆਂ ਔਰਤਾਂ ਨੂੰ ਮੁਫ਼ਤ ਵਿਚ ਸਮਾਰਟਫ਼ੋਨ ਦਿਤਾ ਜਾਵੇਗਾ। ਇਸ ਦੇ ਨਾਲ ਹੀ ਵਿਦਿਆਰਥਣਾਂ ਨੂੰ ਮੁਫ਼ਤ ਲੈਪਟਾਪ ਦਿਤਾ ਜਾਵੇਗਾ।
ਮਹਿਲਾ ਅਧਿਕਾਰੀਆਂ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇਗਾ, ਜਿਸ ਵਿਚ ਇਕ ਹਜ਼ਾਰ ਮਹਿਲਾ ਪੁਲਿਸ ਨੂੰ ਭਰਤੀ ਕੀਤਾ ਜਾਵੇਗਾ ਜੋ ਔਰਤਾਂ ਨਾਲ ਸਬੰਧਤ ਲਟਕੇ ਮਾਮਲਿਆਂ ਨੂੰ ਨਿਪਟਾਏਗੀ। ਭਾਗਲਕਸ਼ਮੀ ਯੋਜਨਾ ਤਹਿਤ ਮੈਚਓਰਿਟੀ ਰਾਸ਼ੀ ਦੋ ਲੱਖ ਰੁਪਏ ਕੀਤੀ ਜਾਵੇਗੀ।
'ਵਿਆਹ ਮੰਗਲਾ' ਯੋਜਨਾ ਤਹਿਤ ਬੀਪੀਐਲ ਪਰਵਾਰਾਂ ਦੀਆਂ ਲੜਕੀਆਂ ਦੇ ਵਿਆਹ ਵਿਚ 2 ਗ੍ਰਾਮ ਦੀ ਇਕ ਸੋਨੇ ਦੀ ਥਾਲੀ ਅਤੇ 25 ਹਜ਼ਾਰ ਰੁਪਏ ਦਿਤੇ ਜਾਣਗੇ। 'ਇਸਤਰੀ ਉੱਨਤੀ ਫੰਡ' ਤਹਿਤ ਇਕ ਹਜ਼ਾਰ ਕਰੋੜ ਦਾ ਫੰਡ ਬਣਾਇਆ ਜਾਵੇਗਾ, ਜਿਸ ਤਹਿਤ ਔਰਤਾਂ ਲਈ ਇਕ ਕੋਆਪ੍ਰੇਟਿਵ ਚਲਾਇਆ ਜਾਵੇਗਾ ਅਤੇ ਇਸ ਵਿਚ ਇਸਤਰੀ ਉੱਨਤੀ ਸਟੋਰ ਵੀ ਚਲਾਉਣ ਦੀ ਯੋਜਨਾ ਹੈ ਜੋ ਇਸ ਯੋਜਨਾ ਤਹਿਤ ਬਣੇ ਉਤਪਾਦਾਂ ਨੂੰ ਬਜ਼ਾਰ ਉਪਲਬਧ ਕਰਵਾਏਗਾ। ਇਸ ਵਿਚ ਇਕ ਫ਼ੀਸਦੀ ਵਿਆਜ਼ 'ਤੇ 2 ਲੱਖ ਤਕ ਲੋਨ ਉਪਲਬਧ ਕਰਵਾਇਆ ਜਾਵੇਗਾ।
ਕਿਸਾਨਾਂ ਦੇ ਬੱਚਿਆਂ ਨੂੰ ਖੇਤੀ ਸਬੰਧਤ ਸਿੱਖਿਆ ਦੇਣ ਲਈ 'ਰਾਈਥਾ ਬੰਧੂ ਸਕਾਲਰਸ਼ਿਪ' ਚਲਾਈ ਜਾਵੇਗੀ। ਇਕ ਹਜ਼ਾਰ ਕਿਸਾਨਾਂ ਨੂੰ ਇਜ਼ਰਾਈਲ ਅਤੇ ਚੀਨ ਦੇ ਦੌਰੇ 'ਤੇ ਲਿਜਾਇਆ ਜਾਵੇਗਾ ਤਾਕਿ ਉਹ ਖੇਤੀ ਦਾ ਅਧਿਐਨ ਕਰ ਸਕਣ। ਸਿੰਚਾਈ ਯੋਜਨਾਵਾਂ ਨੂੰ ਪੂਰਾ ਕਰਨ ਲਈ ਸੁਜਲਾਮ ਸੁਫਲਾਮ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਵਿਚ 2023 ਤਕ ਸਾਰੀਆਂ ਯੋਜਨਾਵਾਂ ਪੂਰੀਆਂ ਕਰ ਲਈਆਂ ਜਾਣਗੀਆਂ। ਕਿਸਾਨਾਂ ਨੂੰ ਤਿੰਨ ਪੜਾਵਾਂ ਵਿਚ 10 ਘੰਟੇ ਤਕ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ ਤਾਕਿ ਕਿਸਾਨ ਖੇਤਾਂ ਦੀ ਸਿੰਚਾਈ ਕਰ ਸਕਣ।