ਪੁਲਿਸ ਗ੍ਰਿਫ਼ਤਾਰੀ ਦੇ ਡਰੋਂ ਬਿਲਡਰ ਨੇ ਇਮਾਰਤ ਤੋਂ ਮਾਰੀ ਛਾਲ, ਹੋਈ ਮੌਤ
ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਨੇ ਇਕ ਵਿਅਕਤੀ ਦੀ ਜਾਨ ਲੈ ਲਈ। ਦਖਣੀ ਦਿੱਲੀ ਦੇ ਵਸੰਤ ਵਿਹਾਰ ਵਿਚ ਘਰ 'ਤੇ ਪੁਲਿਸ ਟੀਮ ਦੀ ਛਾਪੇਮਾਰੀ ਅਤੇ ...
ਨਵੀਂ ਦਿੱਲੀ : ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਨੇ ਇਕ ਵਿਅਕਤੀ ਦੀ ਜਾਨ ਲੈ ਲਈ। ਦਖਣੀ ਦਿੱਲੀ ਦੇ ਵਸੰਤ ਵਿਹਾਰ ਵਿਚ ਘਰ 'ਤੇ ਪੁਲਿਸ ਟੀਮ ਦੀ ਛਾਪੇਮਾਰੀ ਅਤੇ ਗ੍ਰਿਫ਼ਤਾਰੀ ਦੇ ਡਰ ਤੋਂ ਬਿਲਡਰ ਨੇ ਘਰ ਦੀ ਛੱਤ ਤੋਂ ਛਾਲ ਮਾਰ ਦਿਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦਰਅਸਲ ਪੁਲਿਸ ਬਿਲਡਰ ਦੇ ਘਰ ਛਾਪੇਮਾਰੀ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਗਈ ਸੀ ਪਰ ਬਿਲਡਰ ਘਰ ਦੀ ਛੱਤ ਤੋਂ ਹੇਠਾਂ ਕੁੱਦ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
ਡੀਸੀਪੀ ਮਿਲਿੰਦ ਮਹਾਦੇਵ ਦੰਬੇਰੇ ਨੇ ਸ਼ੁਕਰਵਾਰ ਨੂੰ ਦਸਿਆ ਕਿ ਇਹ ਘਟਨਾ 30 ਅਪ੍ਰੈਲ ਰਾਤ ਦੀ ਹੈ। ਉਨ੍ਹਾਂ ਕਿਹਾ ਕਿ ਵਸੰਤ ਬਿਹਾਰ ਦੇ ਵੀਰੇਂਦਰ ਢੀਂਗਰਾ ਦੇ ਘਰ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਗਈ ਦਿੱਲੀ ਪੁਲਿਸ ਦੀ ਇਕ ਟੀਮ ਨੇ ਜਦੋਂ ਘਰ 'ਤੇ ਛਾਪੇਮਾਰੀ ਕੀਤੀ ਤਾਂ ਗ੍ਰਿਫ਼ਤਾਰੀ ਦੇ ਘਰ ਤੋਂ ਉਹ ਕਥਿਤ ਤੌਰ 'ਤੇ ਤਿੰਨ ਮੰਜ਼ਲਾ ਇਮਾਰਤ ਤੋਂ ਕੁੱਦ ਗਿਆ।
ਉਨ੍ਹਾਂ ਕਿਹਾ 69 ਸਾਲਾ ਵੀਰੇਂਦਰ ਢੀਂਗਰਾ ਸੀਆਰ ਪਾਰਕ ਪੁਲਿਸ ਸਟੇਸ਼ਨ ਵਿਚ ਦਾਇਰ ਵਿੱਤੀ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਸੀ ਅਤੇ ਉਸ ਦੇ ਵਿਰੁਧ ਇਕ ਗ਼ੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ। ਸਬੰਧਤ ਜ਼ਿਲ੍ਹਾ ਪੁਲਿਸ ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਘਰ 'ਤੇ ਛਾਪਾ ਮਾਰਿਆ ਅਤੇ ਬਾਅਦ ਵਿਚ ਉਸ ਨੇ ਛੱਤ ਤੋਂ ਛਾਲ ਮਾਰ ਦਿਤੀ।
ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਾਲਾਂਕਿ ਢੀਂਗਰਾ ਦੇ ਪਰਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਹ ਇਕ ਕਤਲ ਹੈ ਕਿਉਂਕਿ ਪੁਲਿਸ ਨੇ ਉਸ 'ਤੇ ਇਸ ਦੇ ਲਈ ਦਬਾਅ ਬਣਾਇਆ। ਇਹੀ ਵਜ੍ਹਾ ਹੈ ਕਿ ਉਹ ਇਮਾਰਤ ਦੇ ਉਪਰ ਚੜ੍ਹ ਗਿਆ ਅਤੇ ਛਾਲ ਮਾਰ ਦਿਤੀ ਪਰ ਪੁਲਿਸ ਨੇ ਪਰਵਾਰ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿਤੇ ਹਨ।