ਕਸ਼ਮੀਰ: ਐਮ.ਬੀ.ਏ. ਅਤੇ ਪੀ.ਐਚ.ਡੀ. ਕਰਨ ਵਾਲੇ ਅਤਿਵਾਦੀ ਸੰਗਠਨਾਂ 'ਚ ਹੋਏ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਅਪ੍ਰੈਲ ਤਕ ਅਤਿਵਾਦੀ ਸੰਗਠਨਾਂ 'ਚ ਸ਼ਾਮਲ ਹੋਏ 45 ਨੌਜਵਾਨ

Terrorist

ਸ੍ਰੀਨਗਰ, 3 ਮਈ: ਜੰਮੂ-ਕਸ਼ਮੀਰ ਵਿਚ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਵਿਚ ਉਹ ਨੌਜਵਾਨ ਵੀ ਸ਼ਾਮਲ ਹਨ ਜਿਨ੍ਹਾਂ ਨੇ ਐਮਬੀਏ ਅਤੇ ਪੀਐਚਡੀ ਵਰਗੇ ਵਧੀਆ ਕੋਰਸ ਕੀਤੇ ਹੋਏ ਹਨ। ਇਕ ਸੁਰੱਖਿਆ ਅਦਾਰੇ ਵਲੋਂ ਜਾਰੀ ਕੀਤੀ ਗਈ ਰੀਪੋਰਟ ਵਿਚ ਇਹ ਦਸਿਆ ਗਿਆ ਹੈ ਕਿ ਮੱਧ ਅਪ੍ਰੈਲ ਤਕ ਅਤਿਵਾਦੀ ਸੰਗਠਨਾਂ ਵਿਚ ਲਗਭਗ 45 ਨੌਜਵਾਨ ਸ਼ਾਮਲ ਹੋਏ ਹਨ। ਨੌਜਵਾਨਾਂ ਨੂੰ ਅਪਣੇ ਸੰਗਠਨਾਂ ਵਿਚ ਸ਼ਾਮਲ ਕਰਨ ਲਈ ਅਤਿਵਾਦੀਆਂ ਦਾ ਮੁੱਖ ਨਿਸ਼ਾਨਾ ਸ਼ੋਪੀਆਂ ਅਤੇ ਕੁਲਗਾਮ ਹੈ। ਇਨ੍ਹਾਂ ਦੋਹਾਂ ਇਲਾਕਿਆਂ ਵਿਚੋਂ 12 ਅਤੇ 9 ਨੌਜਵਾਨ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੋਣ ਵਾਲੇ 45 ਨੌਜਵਾਨਾਂ ਵਿਚ ਸ਼ਾਮਲ ਹਨ। ਇਸ ਤੋਂ ਬਾਅਦ ਅਨੰਤਨਾਗ ਤੋਂ ਸੱਤ, ਪੁਲਵਾਮਾ ਤੋਂ ਚਾਰ, ਅਵੰਤੀਪੁਰਾ ਤੋਂ ਤਿੰਨ ਨੌਜਵਾਨ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੋਏ ਹਨ ਜਦਕਿ ਦੂਜੇ ਪਾਸੇ ਪੁਲਵਾਮਾ ਤੋਂ ਤਿੰਨ ਨੌਜਵਾਨਾਂ ਦੇ ਅਤਿਵਾਦੀਆਂ ਵਿਚ ਸ਼ਾਮਲ ਹੋਣ ਦੀ ਸੂਚਨਾ ਹੈ ਪਰ ਹਾਲੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹੰਦਵਾੜਾ ਤੋਂ ਇਕ, ਕੁਪਵਾੜਾ ਤੋਂ ਦੋ, ਬਾਂਦੀਪੁਰਾ, ਸੋਪੋਰ ਅਤੇ ਸ੍ਰੀਨਗਰ ਤੋਂ ਇਕ-ਇਕ ਨੌਜਵਾਨ ਪਿਛਲੇ ਕੁੱਝ ਸਮੇਂ ਤੋਂ ਲਾਪਤਾ ਹੈ ਅਤੇ ਇਨ੍ਹਾਂ ਬਾਰੇ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਵੀ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੋ ਚੁੱਕੇ ਹਨ। 

ਇਨ੍ਹਾਂ 45 ਨੌਜਵਾਨਾਂ ਵਿਚੋਂ ਇਕ ਨੌਜਵਾਨ 26 ਸਾਲਾ ਜੁਨੈਦ ਅਸ਼ਰਫ਼ ਸਹਿਰਾਈ ਵੀ ਹੈ ਜਿਸ ਨੇ ਕਸ਼ਮੀਰ ਯੂਨੀਵਰਸਟੀ ਤੋਂ ਐਮਬੀਏ ਕੀਤੀ ਹੋਈ ਹੈ। ਜੁਨੈਦ, ਮੁਹੰਮਦ ਅਸ਼ਰਫ਼ ਸਹਿਰਾਈ ਦਾ ਪੁੱਤਰ ਹੈ ਜੋ ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਹਨ। ਜ਼ਿਕਰਯੋਗ ਹੈ ਕਿ ਸਈਅਦ ਅਲੀ ਸ਼ਾਹ ਗਿਲਾਨੀ ਵੀ ਹੁਰੀਅਤ ਦੇ ਚੇਅਰਮੈਨ ਸਨ। ਅਤਿਵਾਦੀਆਂ ਵਿਚ ਕੁਪਵਾੜਾ ਦਾ ਰਹਿਣ ਵਾਲਾ ਮਨਨ ਬਸ਼ੀਰ ਵਾਨੀ ਵੀ ਸ਼ਾਮਲ ਹੈ ਜਿਸ ਨੇ ਪੀਐਚਡੀ ਕੀਤੀ ਹੋਈ ਹੈ। ਸੂਤਰਾਂ ਅਨੁਸਾਰ ਵਾਨੀ ਅਲੀਗੜ੍ਹ ਮੁਸਲਿਮ ਯੂਨੀਵਰਸਟੀ ਤੋਂ ਪੜ੍ਹਾਈ ਕਰ ਰਿਹਾ ਸੀ। ਇਕ ਸੀਨੀਅਰ ਸਿਆਸੀ ਆਗੂ ਨੇ ਅਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਵਾਦੀ ਵਿਚ ਫੈਲਿਆ ਇਹ ਰੂਝਾਨ ਕਾਫ਼ੀ ਖ਼ਤਰਨਾਕ ਹੈ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਸ਼ੋਪੀਆਂ ਅਤੇ ਅਨੰਤਨਾਗ ਵਿਚ ਸੁਰੱਖਿਆ ਬਲਾਂ ਹੱਥੋਂ ਮਾਰੇ ਗਏ 13 ਸਥਾਨਕ ਅਤਿਵਾਦੀਆਂ ਤੋਂ ਬਾਅਦ ਅਪ੍ਰੈਲ ਮਹੀਨੇ ਵਿਚ ਸੱਭ ਤੋਂ ਵੱਧ ਸਥਾਨਕ ਨੌਜਵਾਨ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੋਏ ਹਨ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਸਥਾਨਕ ਨੌਜਵਾਨਾਂ ਨੂੰ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੋਣ ਤੋਂ ਰੋਕਣ ਵਿਚ ਅਸਫ਼ਲ ਸਾਬਤ ਹੋਈ ਹੈ। ਪੁਲਿਸ ਨੇ ਕਈ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਬੱਚੇ ਨੂੰ ਕਹਿਣ ਕਿ ਉਹ ਅਤਿਵਾਦੀ ਸੰਗਠਨਾਂ ਨੂੰ ਛੱਡ ਕੇ ਅਪਣੇ ਘਰ ਵਾਪਸ ਆ ਜਾਵੇ ਪਰ ਪੁਲਿਸ ਦੀ ਇਸ ਕੋਸ਼ਿਸ਼ ਦਾ ਕੋਈ ਵੱਡਾ ਅਸਰ ਨਹੀਂ ਹੋਇਆ ਕਿਉਂਕਿ ਜ਼ਿਆਦਾਤਰ ਸਮੇਂ ਮਾਪਿਆਂ ਨੇ ਅਪਣੀ ਮਜਬੂਰੀ ਹੀ ਪ੍ਰਗਟਾਈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਲਗਭਗ 126 ਨੌਜਵਾਨ ਹਥਿਆਰ ਚੁੱਕ ਕੇ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੋਏ ਸਨ। ਇਹ ਅੰਕੜਾ ਸਾਲ 2010 ਤੋਂ ਲੈ ਕੇ ਸੱਭ ਤੋਂ ਵੱਧ ਹੈ।  (ਪੀ.ਟੀ.ਆਈ.)