ਨਵੀਂ ਦਿੱਲੀ, 3 ਮਈ: ਦੇਸ਼ ਵਿਚ ਬਲਾਤਕਾਰੀਆਂ ਲਈ ਭਾਵੇਂ ਫਾਂਸੀ ਦੀ ਸਜ਼ਾ ਨੂੰ ਮਨਜ਼ੂਰੀ ਮਿਲ ਚੁਕੀ ਹੈ ਪਰ ਇਸ ਦੇ ਬਾਵਜੂਦ ਇੰਜ ਜਾਪਦਾ ਹੈ ਕਿ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਾ ਵੀ ਕੋਈ ਡਰ ਨਹੀਂ ਹੈ। ਹਰਿਆਣਾ ਵਿਚ ਇਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਹਰਿਆਣਾ ਦੇ ਨੂਹ ਵਿਚ ਇਕ 17 ਸਾਲ ਦੀ ਲੜਕੀ ਨੇ ਕਥਿਤ ਸਮੂਹਕ ਬਲਾਤਕਾਰ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਦਸਿਆ ਜਾ ਰਿਹਾ ਹੈ ਕਿ ਉਸ ਦੇ ਨਾਲ 8 ਲੋਕਾਂ ਨੇ ਮਿਲ ਕੇ ਕਥਿਤ ਤੌਰ ਤੇ ਸਮੂਹਕ ਬਲਾਤਕਾਰ ਕੀਤਾ ਸੀ। ਡੀ.ਸੀ.ਪੀ. ਵਿਰੇਂਦਰ ਸਿੰਘ ਵਲੋਂ ਇਸ ਮਾਮਲੇ ਵਿਚ ਐਫ਼.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਉਥੇ ਹੀ ਆਂਧਰ ਪ੍ਰਦੇਸ਼ ਦੇ ਗੁੰਟੁਰ ਵਿਚ 9 ਸਾਲ ਦੀ ਇਕ ਬੱਚੀ ਨਾਲ ਬਲਾਤਕਾਰ ਦੀ ਘਟਨਾ ਤੋਂ ਬਾਅਦ ਭੜਕੇ ਲੋਕਾਂ ਨੇ ਨੈਸ਼ਨਲ ਹਾਈਵੇਅ 'ਤੇ ਕਰੀਬ 6 ਘੰਟੇ ਤਕ ਜਾਮ ਲਾ ਦਿਤਾ। ਇਸ ਕਾਰਨ ਕਰੀਬ 15 ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਪ੍ਰਦਰਸ਼ਨਕਾਰੀ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ ਜੋ 50 ਸਾਲਾਂ ਦਾ ਇਕ ਰਿਕਸ਼ਾ ਚਾਲਕ ਦਸਿਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਹੁਣ ਪੁਲਿਸ ਨੂੰ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਦੁਪਹਿਰ 3 ਵਜੇ ਤਕ ਦਾ ਸਮਾਂ ਦਿਤਾ ਹੈ।
ਜਦਕਿ ਮਥੁਰਾ ਦੇ ਗੋਵਿੰਦ ਨਗਰ ਵਿਚ ਚਾਰ ਦਿਨ ਪਹਿਲਾਂ ਗ਼ਾਇਬ ਹੋਈ ਵਿਦਿਆਰਥਣ ਦੀ ਲਾਸ਼ ਯਮਨਾ ਕਿਨਾਰੇ ਤੋਂ ਮਿਲੀ। ਇਸ ਤੋਂ ਨਾਰਾਜ਼ ਪਰਵਾਰਕ ਮੈਂਬਰਾਂ ਨੇ ਗੋਵਿੰਦਨਗਰ ਥਾਣਾ ਪਹੁੰਚ ਕੇ ਜੰਮ ਕੇ ਹੰਗਾਮਾ ਕੀਤਾ ਅਤੇ ਜਾਮ ਲਗਾ ਦਿਤਾ। ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਰਵਾਰਕ ਮੈਂਬਰਾਂ ਨੇ ਦਸਿਆ ਕਿ ਵਿਦਿਆਰਥਣ ਚਾਰ ਦਿਨ ਪਹਿਲਾਂ ਬਾਜ਼ਾਰ 'ਚੋਂ ਕਿਤਾਬ ਲੈਣ ਗਈ ਸੀ ਪਰ ਉਹ ਵਾਪਸ ਨਹੀਂ ਆਈ। ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਨੋਇਡਾ ਪੁਲਿਸ ਨੇ ਇਕ ਲੜਕੀ ਦੇ ਨਾਲ ਵਾਰ-ਵਾਰ ਸਮੂਹਕ ਬਲਾਤਕਾਰ, ਉਸ ਦਾ ਅਸ਼ਲੀਲ ਵੀਡੀਉ ਬਣਾਉਣ, ਉਸ ਨੂੰ ਬਲੈਕਮੇਲ ਅਤੇ ਉਸ ਦਾ ਸੋਸ਼ਣ ਕਰਨ ਦੇ ਦੋਸ਼ ਵਿਚ ਤਿੰਨ ਨੌਜਵਾਨਾਂ ਵਿਰੁਧ ਮਾਮਲਾ ਦਰਜ ਕਰ ਕੇ ਦੋ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ। (ਏਜੰਸੀ)