ਜਿਨਾਹ ਦੀ ਤਸਵੀਰ ਵਿਰੁਧ ਪ੍ਰਦਰਸ਼ਨ ਕਰਨ ਵਾਲੇ ਗੋਡਸੇ ਦੇ ਮੰਦਰਾਂ ਵਿਰੁਧ ਵੀ ਆਵਾਜ਼ ਉਠਾਉਣ :ਜਾਵੇਦ ਅਖ਼ਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਨੀਵਰਸਿਟੀ ਵਿਚ ਜਾਰੀ ਵਿਵਾਦ 'ਤੇ 73 ਸਾਲਾ ਲੇਖਕ ਨੇ ਟਵਿੱਟਰ ਜ਼ਰੀਏ ਅਪਣੀ ਰਾਇ ਪ੍ਰਗਟ ਕੀਤੀ।

Javed Akhtar

ਮੁੰਬਈ, 3 ਮਈ : ਸੀਨੀਅਰ ਗੀਤਕਾਰ ਅਤੇ ਸਕ੍ਰਿਪਟ ਲੇਖਕ ਜਾਵੇਦ ਅਖ਼ਤਰ ਨੇ ਕਿਹਾ ਕਿ ਮੁਹੰਮਦ ਅਲੀ ਜਿਨਾਹ ਦੀ ਤਸਵੀਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਵਿਚ ਲੱਗੀ ਹੋਣਾ 'ਸ਼ਰਮਿੰਦਗੀ' ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪਰ ਜੋ ਲੋਕ ਇਸ ਦੇ ਵਿਰੁਧ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੂੰ ਉਨ੍ਹਾਂ ਮੰਦਰਾਂ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ ਜੋ ਗੋਡਸੇ ਦੇ ਸਨਮਾਨ ਵਿਚ ਬਣਾਏ ਗਏ ਹਨ। ਯੂਨੀਵਰਸਿਟੀ ਵਿਚ ਜਾਰੀ ਵਿਵਾਦ 'ਤੇ 73 ਸਾਲਾ ਲੇਖਕ ਨੇ ਟਵਿੱਟਰ ਜ਼ਰੀਏ ਅਪਣੀ ਰਾਇ ਪ੍ਰਗਟ ਕੀਤੀ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਅਲੀਗੜ੍ਹ ਤੋਂ ਸਾਂਸਦ ਸਤੀਸ਼ ਗੌਤਮ ਨੇ ਏਐਮਯੂ ਦੇ ਵਿਦਿਆਰਥੀ ਸੰਘ ਦਫ਼ਤਰ ਦੀਆਂ ਦੀਵਾਰਾਂ 'ਤੇ ਪਾਕਿਸਤਾਨ ਦੇ ਸੰਸਥਾਪਕ ਦੀ ਤਸਵੀਰ ਲੱਗੀ ਹੋਣ 'ਤੇ ਇਤਰਾਜ਼ ਜਤਾਇਆ।

ਅਖ਼ਤਰ ਨੇ ਲਿਖਿਆ ਕਿ ਜਿਨਾਹ ਅਲੀਗੜ੍ਹ ਵਿਚ ਨਾ ਤਾਂ ਵਿਦਿਆਰਥੀ ਸਨ ਅਤੇ ਨਾ ਹੀ ਅਧਿਆਪਕ। ਇਹ ਸ਼ਰਮ ਦੀ ਗੱਲ ਹੈ ਕਿ ਉਥੇ ਉਨ੍ਹਾਂ ਦੀ ਤਸਵੀਰ ਲੱਗੀ ਹੋਈ ਹੈ। ਪ੍ਰਸ਼ਾਸਨ ਅਤੇ ਵਿਦਿਆਰਥੀਆਂ ਨੂੰ ਉਸ ਤਸਵੀਰ ਨੂੰ ਅਪਣੇ ਆਪ ਹਟਾ ਦੇਣਾ ਚਾਹੀਦਾ ਹੈ। ਏਐਮਯੂ ਬੁਲਾਰੇ ਸਾਫ਼ੇ ਕਿਦਵਈ ਨੇ ਇਹ ਕਹਿ ਕੇ ਤਸਵੀਰ ਲੱਗੀ ਹੋਣ ਦਾ ਬਚਾਅ ਕੀਤਾ ਕਿ ਇਹ ਤਸਵੀਰ ਕਈ ਦਹਾਕਿਆਂ ਤੋਂ ਲੱਗੀ ਹੋਈ ਹੈ।ਕਿਦਵਈ ਨੇ ਕਿਹਾ ਕਿ ਜਿਨਾਹ ਯੂਨੀਵਰਸਿਟੀ ਦੇ ਸੰਸਥਾਪਕ ਮੈਂਬਰ ਸਨ ਅਤੇ ਉਨ੍ਹਾਂ ਨੂੰ ਵਿਦਿਆਰਥੀ ਸੰਘ ਦੀ ਉਮਰ ਭਰ ਦੀ ਮੈਂਬਰਸ਼ਿਪ ਦਿਤੀ ਗਈ ਸੀ। (ਏਜੰਸੀ)