ਕਸੌਲੀ ਮਾਮਲਾ :  'ਮਾਂ ਨੇ ਵੀ ਛੂਹੇ ਸਨ ਮਹਿਲਾ ਅਫ਼ਸਰ ਦੇ ਪੈਰ, ਨਾ ਮੰਨੀ ਤਾਂ ਮਾਰੀ ਗੋਲੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿਮਾਚਲ ਪ੍ਰਦੇਸ਼ ਦੇ ਕਸੌਲੀ ਜ਼ਿਲ੍ਹੇ ਵਿਚ ਗ਼ੈਰ ਕਾਨੂੰਨੀ ਨਿਰਮਾਣ ਢਾਹੁਣ ਦੀ ਕਾਰਵਾਈ ਦੌਰਾਨ ਮਹਿਲਾ ਅਫ਼ਸਰ ਦੀ ਹੱਤਿਆ ਕਰਨ ਦੇ ਦੋਸ਼ੀ ਵਿਜੇ ...

vijay revealing why he killed woman officer kasauli

ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਦੇ ਕਸੌਲੀ ਜ਼ਿਲ੍ਹੇ ਵਿਚ ਗ਼ੈਰ ਕਾਨੂੰਨੀ ਨਿਰਮਾਣ ਢਾਹੁਣ ਦੀ ਕਾਰਵਾਈ ਦੌਰਾਨ ਮਹਿਲਾ ਅਫ਼ਸਰ ਦੀ ਹੱਤਿਆ ਕਰਨ ਦੇ ਦੋਸ਼ੀ ਵਿਜੇ ਕੁਮਾਰ ਨੂੰ ਵ੍ਰਿੰਦਾਵਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਵਿਚ ਦਿੱਲੀ ਪੁਲਿਸ ਦੇ ਸੂਤਰ ਨੇ ਦਸਿਆ ਕਿ ਮੁਲਜ਼ਮ ਵਿਜੇ ਸਿੰਘ ਨੇ ਪੁਛਗਿਛ ਵਿਚ ਦਸਿਆ ਕਿ ਸ਼ੈਲਬਾਲਾ ਕਾਫ਼ੀ ਮਿੰਨਤਾਂ ਕਰਨ ਤੋਂ ਬਾਅਦ ਵੀ ਉਸ ਨੂੰ ਰਾਹਤ ਦੇਣ ਲਈ ਤਿਆਰ ਨਹੀਂ ਸੀ। ਉਹ ਇਕ ਅੜੀਅਲ ਅਫ਼ਸਰ ਵਾਂਗ ਵਰਤਾਅ ਕਰ ਰਹੀ ਸੀ। 

ਮੁਲਜ਼ਮ ਨੇ ਦਸਿਆ ਕਿ ਉਸ ਦੀ ਮਾਂ ਨੇ ਵੀ ਮਹਿਲਾ ਅਫ਼ਸਰ ਸ਼ੈਲਬਾਲਾ ਦੇ ਪੈਰ ਛੂਹ ਕੇ ਰਾਹਤ ਦੇਣ ਦੀਆਂ ਮਿੰਨਤਾਂ ਕੀਤੀਆਂ ਪਰ ਸ਼ੈਲਬਾਲਾ ਸੁਪਰੀਮ ਕੋਰਟ ਦੇ ਆਦੇਸ਼ ਦਾ ਹਵਾਲਾ ਦੇ ਕੇ ਕਾਰਵਾਈ 'ਤੇ ਅੜੀ ਰਹੀ। ਇਸ ਲਈ ਉਸ ਨੇ ਸ਼ੈਲਬਾਲਾ ਨੂੰ ਗੋਲੀ ਮਾਰ ਦਿਤੀ। ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਜੰਗਲ ਵੱਲ ਦੌੜ ਗਿਆ ਸੀ ਅਤੇ ਉਸੇ ਦਿਨ ਦੇਰ ਰਾਤ ਘਰ ਵਾਪਸ ਆਇਆ।

ਘਰ ਵਿਚੋਂ ਉਸ ਨੇ ਅਪਣੇ ਕਈ ਏਟੀਐਮ ਕਾਰਡ ਅਤੇ ਆਧਾਰ ਕਾਰਡ ਦੀ ਕਾਪੀ ਲਈ ਅਤੇ ਫਿਰ 2 ਮਈ ਨੂੰ ਤੜਕੇ ਸਵੇਰੇ ਬੱਸ ਰਾਹੀਂ ਦਿੱਲੀ ਦੇ ਸਰਾਏ ਕਾਲੇ ਖਾਂ ਬੱਸ ਅੱਡੇ ਪਹੁੰਚਿਆ। ਉਥੋਂ ਮਥੁਰਾ ਅਤੇ ਫਿਰ ਵ੍ਰਿੰਦਾਵਣ ਪਹੁੰਚਿਆ। ਫਿਰ ਉਸ ਨੇ ਅਪਣਾ ਫੋਨ ਬੰਦ ਕਰ ਦਿਤਾ। 

ਵ੍ਰਿੰਦਾਵਣ ਵਿਚ ਉਸ ਨੇ ਇਕ ਰਿਕਸ਼ੇਵਾਲੇ ਦੇ ਫ਼ੋਨ ਤੋਂ ਅਪਣੇ ਇਕ ਰਿਸ਼ਤੇਦਾਰ ਨੂੰ ਫ਼ੋਨ ਕੀਤਾ। ਦਿੱਲੀ ਪੁਲਿਸ ਨੇ ਸਭ ਤੋਂ ਪਹਿਲਾਂ ਉਸ ਰਿਕਸ਼ੇ ਵਾਲੇ ਨੂੰ ਫੜਿਆ। ਰਿਕਸ਼ੇ ਵਾਲੇ ਨੇ ਦਸਿਆ ਕਿ ਮੁਲਜ਼ਮ ਇਸੇ ਇਲਾਕੇ ਵਿਚ ਹੈ ਅਤੇ ਉਸ ਤੋਂ ਬਾਅਦ ਬਾਂਕੇ ਬਿਹਾਰੀ ਮੰਦਰ ਤੋਂ ਵਿਜੇ ਨੂੰ ਦਿੱਲੀ ਪੁਲਿਸ ਨੇ ਫੜ ਲਿਆ।

ਮੁਲਜ਼ਮ ਨੇ ਦਸਿਆ ਕਿ ਉਹ ਭਗਵਾਨ ਤੋਂ ਪੁੱਛ ਰਿਹਾ ਸੀ ਕਿ ਉਸ ਨੂੰ ਭਗਵਾਨ ਨੇ ਅਪਣੇ ਜਨਮ ਅਸਥਾਨ 'ਤੇ ਕਿਉਂ ਬੁਲਾਇਆ? ਉਸ ਤੋਂ ਹੱਤਿਆ ਕਿਉਂ ਕਰਵਾਈ? ਉਥੇ ਹੀ ਹਿਮਾਲਚ ਪ੍ਰਦੇਸ਼ ਸਰਕਾਰ ਨੇ ਐਸਪੀ ਸੋਲਨ ਮੋਹਿਤ ਚਾਵਲਾ ਦਾ ਤਬਾਦਲਾ ਕਰ ਦਿਤਾ ਹੈ। ਐਡੀਸ਼ਨਲ ਐਸਪੀ ਨੂੰ ਐਸਪੀ ਦਾ ਚਾਰਜ ਦਿਤਾ ਗਿਆ ਹੈ। ਇਕ ਡੀਐਸਪੀ ਅਤੇ ਇਕ ਐਸਐਚਓ ਦਾ ਵੀ ਤਬਾਦਲਾ ਕੀਤਾ ਗਿਆ ਹੈ।