ਚੋਣ ਕਮਿਸ਼ਨ ਨੇ ਪੀਐਮ ਮੋਦੀ ਨੂੰ ਦਿੱਤੀ ਚੌਥੀ ਕਲੀਨ ਚਿਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚੋਣ ਭਾਸ਼ਣ ਦੇ ਮਾਮਲੇ ਵਿਚ ਚੌਥੀ ਵਾਰ ਕਲੀਨ ਚਿੱਟ ਦੇ ਦਿੱਤੀ ਹੈ।

Narendra Modi

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚੋਣ ਭਾਸ਼ਣ ਦੇ ਮਾਮਲੇ ਵਿਚ ਚੌਥੀ ਵਾਰ ਕਲੀਨ ਚਿਟ ਦੇ ਦਿੱਤੀ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ 6 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਨਾਂਦੇੜ ਵਿਚ ਮੋਦੀ ਵੱਲ਼ੋਂ ਦਿੱਤੇ ਭਾਸ਼ਣ ਵਿਚ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੋਈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਮੋਦੀ ਵਿਰੁੱਧ ਪੰਜ ਸ਼ਿਕਾਇਤਾਂ ‘ਤੇ ਫੈਸਲਾ ਲਿਆ ਹੈ ਅਤੇ ਇਹਨਾਂ ਮਾਮਲਿਆਂ ਵਿਚ ਮੋਦੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

ਦੱਸ ਦਈਏ ਕਿ ਮਹਾਰਾਸ਼ਟਰ ਦੇ ਨਾਦੇੜ ਵਿਚ ਅਪਣੇ ਭਾਸ਼ਣ ਦੌਰਾਨ ਮੋਦੀ ਨੇ ਕਿਹਾ ਸੀ ਕਿ ਕਾਂਗਰਸ ਅੱਜ ਟਾਈਟੈਨਿਕ ਜਹਾਜ਼ ਦੀ ਤਰ੍ਹਾਂ ਹੋ ਗਈ ਹੈ ਜੋ ਡੁੱਬ ਰਿਹਾ ਹੈ। ਉਹਨਾਂ ਕਿਹਾ ਕਿ ਜੋ ਵੀ ਇਸ ਜਹਾਜ਼ ਵਿਚ ਬੈਠਿਆ ਸੀ ਉਹ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਤਰ੍ਹਾਂ ਜਾਂ ਤਾ ਖੁਦ ਹੀ ਡੁੱਬ ਰਿਹਾ ਹੈ ਜਾਂ ਜਾਨ ਬਚਾਉਣ ਲਈ ਕੁੱਦ ਰਿਹਾ ਹੈ। ਇਸ ਤੋਂ ਪਹਿਲਾਂ ਵੀ ਚੋਣ ਕਮਿਸ਼ਨ ਨੇ ਮੋਦੀ ਨੂੰ ਤਿੰਨ ਮਾਮਲਿਆਂ ਵਿਚ ਕਲੀਨ ਚਿੱਟ ਦਿੱਤੀ ਸੀ। ਮੋਦੀ ਨੇ ਰਾਜਸਥਾਨ ਦੇ ਬਾਡਮੇਰ ‘ਚ ਆਪਣੀ ਚੁਨਾਵੀ ਸਭਾ ‘ਚ ਹਥਿਆਰਬੰਦ ਬਲਾਂ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਭਾਰਤ ਦੇ ਪਰਮਾਣੂ ਹਥਿਆਰ ਦੀਵਾਲੀ ਨੂੰ ਚਲਾਉਣ ਲਈ ਨਹੀਂ ਰੱਖੇ ਗਏ ਹਨ।

ਕਮਿਸ਼ਨ ਨੇ ਚੋਣ ਨਾਲ ਸਬੰਧਤ ਭਾਸ਼ਣਾਂ ਦੇ ਸਿਲਸਿਲੇ ‘ਚ ਪ੍ਰਧਾਨ ਮੰਤਰੀ ਨੂੰ ਤੀਜੀ ਕਲੀਨਚਿਟ ਦਿੱਤੀ ਸੀ। ਕਾਂਗਰਸ ਨੇ ਚੋਣ ਕਮਿਸ਼ਨ ਦਾ ਰੁਖ਼ ਕਰਕੇ ਇਲਜ਼ਾਮ ਲਗਾਇਆ ਸੀ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣਾਂ ‘ਚ ਹਥਿਆਰਬੰਦ ਬਲਾਂ ਦਾ ਵਾਰ-ਵਾਰ ਐਲਾਨ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਅਤੇ ਪਾਰਟੀ ਨੇ ਕੁਝ ਸਮੇਂ ਲਈ ਉਨ੍ਹਾਂ ‘ਤੇ ਪ੍ਰਚਾਰ ਕਰਨ ਤੋਂ ਰੋਕ ਲਗਾਉਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵਰਧਾ ਅਤੇ ਮਹਾਰਾਸ਼ਟਰ ਦੇ ਲਾਤੁਰ ਵਿਚ ਦਿੱਤੇ ਬਿਆਨ ‘ਤੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਲੀਨ ਚਿੱਟ ਦਿੱਤੀ ਸੀ।