ਚੋਣ ਕਮਿਸ਼ਨ ਭੰਗ ਕੀਤਾ ਜਾਵੇ, ਇਸ ਦੇ ਮੈਂਬਰਾਂ ਦੀ ਜਾਂਚ ਹੋਵੇ : ਆਨੰਦ ਸ਼ਰਮਾ
ਚੋਣ ਕਮਿਸ਼ਨ ਨੇ ਧਾਰਾ 324 ਤਹਿਤ ਮਿਲੇ ਅਧਿਕਾਰ ਦਾ ਦੁਰਉਪਯੋਗ ਕੀਤਾ ਹੈ
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਮੌਜੂਦਾ ਚੋਣ ਕਮਿਸ਼ਨ ਨੂੰ ਭੰਗ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੇ ਮੈਂਬਰਾਂ ਦੇ ਕਦਮਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਨੇ ਵੋਟਰਾਂ ਦੇ ਵਿਸ਼ਵਾਸ ਨਾਲ ਕਥਿਤ ਤੌਰ ’ਤੇ ਧੋਖਾ ਕੀਤਾ ਹੈ। ਉਨ੍ਹਾਂ ਨੇ ਇਹ ਮੰਗ ਵੀ ਕੀਤੀ ਕਿ ਸਰਬ ਉੱਚ ਅਦਾਲਤ ਦੀ ਇਕ ਬੈਂਚ ਨੂੰ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਲਈ ਪਾਤਰਤਾ ਬਾਰੇ ਫ਼ੈਸਲਾ ਕਰਨਾ ਚਾਹੀਦਾ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਇਹ ਟਿੱਪਣੀਆਂ ਉਸ ਸਮੇਂ ਕੀਤੀਆਂ ਜਦੋਂ ਇਕ ਦਿਨ ਪਹਿਲਾਂ ਚਾਰ ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਨੇ ਧਾਰਾ 324 ਤਹਿਤ ਮਿਲੇ ਅਧਿਕਾਰ ਦਾ ਦੁਰਉਪਯੋਗ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ,‘‘ਪਛਮੀ ਬੰਗਾਲ ਵਿਚ ਉਸ ਦੇ ਕਦਮਾਂ ਵਿਚ ਸ਼ਰੇਆਤ ਪੱਖਪਾਤ ਦਿਖਣਾ ਹੈਰਾਨ ਕਰਨ ਵਾਲਾ ਅਤੇ ਨਿੰਦਣਯੋਗ ਹੈ। ਕਈ ਵਾਰ ਉਹ ਭਾਜਪਾ ਦੇ ਸਹਿਯੋਗੀ ਵਾਂਗੂ ਨਜ਼ਰ ਆਇਆ।’’