ਬੱਲੇਬਾਜ਼ ਸਾਹਾ ਨੂੰ ਧਮਕੀ ਦੇਣ 'ਤੇ ਬੋਰੀਆ ਮਜੂਮਦਾਰ 'ਤੇ ਕਾਰਵਾਈ, ਬੋਰਡ ਨੇ 2 ਸਾਲ ਦੀ ਲਗਾਈ ਪਾਬੰਦੀ
ਬੀਸੀਸੀਆਈ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਕੀਤਾ ਸੀ ਗਠਨ
ਨਵੀਂ ਦਿੱਲੀ : ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਇੰਟਰਵਿਊ ਲਈ ਧਮਕੀ ਦੇਣ ਵਾਲੇ ਪੱਤਰਕਾਰ ਬੋਰੀਆ ਮਜੂਮਦਾਰ 'ਤੇ ਬੀਸੀਸੀਆਈ ਨੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਬੀਸੀਸੀਆਈ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।
ਕਮੇਟੀ ਨੇ ਇਸ ਮਾਮਲੇ ਵਿੱਚ ਮਜੂਮਦਾਰ ਨੂੰ ਦੋਸ਼ੀ ਪਾਇਆ ਸੀ ਅਤੇ ਹੁਣ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਸਾਹਾ ਨੂੰ ਭਾਰਤ ਦੀ ਟੈਸਟ ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ, ਮਜੂਮਦਾਰ ਇਸ ਮਾਮਲੇ 'ਤੇ ਉਸ ਨਾਲ ਗੱਲ ਕਰਨਾ ਚਾਹੁੰਦੇ ਸਨ, ਪਰ ਉਹਨਾਂ ਗੇ ਮਨ੍ਹਾਂ ਕਰਨ 'ਤੇ ਮਜੂਮਦਾਰ ਗੁੱਸੇ ਵਿਚ ਆ ਗਿਆ ਅਤੇ ਧਮਕੀ ਦਿੱਤੀ ਕਿ ਉਹ ਕਦੇ ਵੀ ਇੰਟਰਵਿਊ ਨਹੀਂ ਕਰਨਗੇ।
ਪਾਬੰਦੀ ਤੋਂ ਬਾਅਦ ਮਜੂਮਦਾਰ ਨੂੰ ਹੁਣ ਕਿਸੇ ਵੀ ਸਟੇਡੀਅਮ ਦੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਉਹ ਬੀਸੀਸੀਆਈ ਨਾਲ ਸਬੰਧਤ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਦੇ ਨਾਲ ਹੀ ਸਾਰੇ ਖਿਡਾਰੀਆਂ ਨੂੰ ਬੋਰੀਆ ਮਜੂਮਦਾਰ ਨਾਲ ਗੱਲ ਕਰਨ ਦੀ ਵੀ ਮਨਾਹੀ ਹੋਵੇਗੀ।
ਕੀ ਹੈ ਮਾਮਲਾ?
ਬੀਸੀਸੀਆਈ ਨੇ 19 ਫਰਵਰੀ ਨੂੰ ਸ਼੍ਰੀਲੰਕਾ ਖਿਲਾਫ ਟੀ-20 ਅਤੇ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਸੀ। ਪਰ ਤਜਰਬੇਕਾਰ ਵਿਕਟਕੀਪਰ ਰਿਧੀਮਾਨ ਸਾਹਾ ਨੂੰ ਇਸ 'ਚ ਜਗ੍ਹਾ ਨਹੀਂ ਮਿਲੀ। ਇਸ ਤੋਂ ਬਾਅਦ ਬੋਰੀਆ ਮਜੂਮਦਾਰ ਨੇ ਸਾਹਾ ਨੂੰ ਵਟਸਐਪ ਮੈਸੇਜ ਭੇਜ ਕੇ ਇੰਟਰਵਿਊ ਦੀ ਮੰਗ ਕੀਤੀ, ਜਿਸ ਦਾ ਸਾਹਾ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਮਜ਼ੂਮਦਾਰ ਵੱਲੋਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ। ਸਾਹਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਰੀ ਗੱਲ ਦਾ ਸਕਰੀਨ ਸ਼ਾਟ ਸ਼ੇਅਰ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।