ਇਨਸਾਨੀਅਤ ਸ਼ਰਮਸਾਰ: ਗੈਂਗਰੇਪ ਦੀ ਸ਼ਿਕਾਇਤ ਕਰਨ ਆਈ ਨਾਬਾਲਿਗ ਨਾਲ SHO ਨੇ ਕੀਤੀ ਬਦਸਲੂਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਥਾਣਾ ਇੰਚਾਰਜ ਨੂੰ ਕੀਤਾ ਮੁਅੱਤਲ

Rape Case

 

ਲਲਿਤਪੁਰ : ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲੇ 'ਚ ਖਾਕੀ ਨੂੰ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜ਼ਿਲੇ ਦੇ ਪਾਲੀ ਥਾਣਾ ਇੰਚਾਰਜ ਸਮੇਤ 6 ਲੋਕਾਂ 'ਤੇ 13 ਸਾਲਾ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ 'ਚ ਚਾਈਲਡ ਲਾਈਨ ਦੀ ਸ਼ਿਕਾਇਤ 'ਤੇ ਪਾਲੀ ਥਾਣਾ ਇੰਚਾਰਜ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਥਾਣਾ ਇੰਚਾਰਜ ਨੂੰ ਮੁਅੱਤਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਲ੍ਹਾ ਪੁਲਿਸ ਮੁਖੀ ਨਿਖਿਲ ਪਾਠਕ ਅਨੁਸਾਰ ਪਾਲੀ ਥਾਣਾ ਖੇਤਰ ਦੀ ਰਹਿਣ ਵਾਲੀ 13 ਸਾਲਾ ਲੜਕੀ ਨੂੰ ਉਸ ਦੇ ਹੀ ਪਿੰਡ ਦੇ ਹੀ ਰਹਿਣ ਵਾਲੇ ਚਾਰ ਲੜਕਿਆਂ ਵੱਲੋਂ 22 ਅਪਰੈਲ ਨੂੰ ਭੋਪਾਲ ਲਿਜਾਇਆ ਗਿਆ, ਜਿੱਥੇ ਤਿੰਨ ਦਿਨ ਤੱਕ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦੀ ਘਟਨਾ  ਨੂੰ ਅੰਜਾਮ ਦਿੱਤਾ। ਤਿੰਨ ਦਿਨ ਬਾਅਦ ਚਾਰੇ ਦੋਸ਼ੀ ਨਾਬਾਲਗ ਨੂੰ ਪਾਲੀ ਥਾਣਾ ਇੰਚਾਰਜ ਤਿਲਕਧਾਰੀ ਸਰੋਜ ਦੇ ਹਵਾਲੇ ਕਰ ਕੇ ਫਰਾਰ ਹੋ ਗਏ ਸਨ, ਜਿਸ ਤੋਂ ਬਾਅਦ ਥਾਣਾ ਇੰਚਾਰਜ ਨੇ ਨਾਬਾਲਗ ਪੀੜਤਾ ਨੂੰ ਉਸ ਦੀ ਮਾਸੀ ਸਮੇਤ ਚਾਈਲਡ ਲਾਈਨ ਭੇਜ ਦਿੱਤਾ। ਐਸਪੀ ਪ੍ਰਸ਼ਾਂਤ ਪਾਠਕ ਨੇ ਸਟੇਸ਼ਨ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਹੈ।

 

 

ਦੋ ਦਿਨਾਂ ਬਾਅਦ ਉਸ ਨੂੰ ਦੁਬਾਰਾ ਥਾਣੇ ਬੁਲਾਇਆ ਗਿਆ, ਜਿੱਥੇ ਪਾਲੀ ਥਾਣਾ ਇੰਚਾਰਜ ਨੇ ਬਿਆਨ ਲੈਣ ਦੇ ਬਹਾਨੇ ਨਾਬਾਲਗ ਲੜਕੀ ਨੂੰ ਕਮਰੇ ਵਿੱਚ ਲਿਜਾ ਕੇ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਾਅਦ ਵਿੱਚ ਨਾਬਾਲਗ ਨੂੰ ਉਸਦੀ ਮਾਸੀ ਦੇ ਨਾਲ ਚਾਈਲਡ ਲਾਈਨ ਭੇਜ ਦਿੱਤਾ ਗਿਆ। ਜਿੱਥੇ ਲੜਕੀ ਨੇ ਕਾਊਂਸਲਿੰਗ ਦੌਰਾਨ ਆਪਣੇ ਨਾਲ ਵਾਪਰੀ ਸਾਰੀ ਘਟਨਾ ਦੱਸੀ। ਚਾਈਲਡ ਲਾਈਨ ਟੀਮ ਨੇ ਇਸ ਦੀ ਸ਼ਿਕਾਇਤ ਪੁਲਿਸ ਸੁਪਰਡੈਂਟ ਨੂੰ ਕੀਤੀ।

ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਪੀ ਨੇ ਪਾਲੀ ਥਾਣਾ ਇੰਚਾਰਜ ਸਮੇਤ 6 ਲੋਕਾਂ ਦੇ ਖ਼ਿਲਾਫ਼ ਧਾਰਾ 363, 376, 376ਬੀ, 120ਬੀ, ਪੋਸਕੋ ਐਕਟ ਅਤੇ ਐਸਸੀ/ਐਸਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਦੋਸ਼ੀ ਸਟੇਸ਼ਨ ਇੰਚਾਰਜ ਤਿਲਕਧਾਰੀ ਸਰੋਜ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਰੇ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਟੀਮਾਂ ਦਾ ਗਠਨ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।