Droupadi Murmu Shimla Visit: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹਿਮਾਚਲ ਪ੍ਰਦੇਸ਼ ਦੇ ਪੰਜ ਦਿਨਾਂ ਦੌਰੇ 'ਤੇ ਸ਼ਿਮਲਾ ਪਹੁੰਚੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਵਿਚ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਅਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਲਿਆਣੀ ਹੈਲੀਪੈਡ 'ਤੇ ਰਾਸ਼ਟਰਪਤੀ ਦਾ ਸਵਾਗਤ ਕੀਤਾ।

Droupadi Murmu Shimla Visit

Droupadi Murmu Shimla Visit: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹਿਮਾਚਲ ਪ੍ਰਦੇਸ਼ ਦੇ ਪੰਜ ਦਿਨਾਂ ਦੌਰੇ 'ਤੇ ਸ਼ਨੀਵਾਰ ਨੂੰ ਸ਼ਿਮਲਾ ਪਹੁੰਚੇ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਵਿਚ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਅਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਲਿਆਣੀ ਹੈਲੀਪੈਡ 'ਤੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਹੈਲੀਪੈਡ ਰਾਸ਼ਟਰਪਤੀ ਦੇ ਰਿਟਰੀਟ ਦੇ ਨੇੜੇ ਹੈ।

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਅਤੇ ਕੈਬਨਿਟ ਮੰਤਰੀ ਧਨੀ ਰਾਮ ਸ਼ਾਂਡਿਲ ਨੇ ਰਾਸ਼ਟਰਪਤੀ ਨੂੰ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ। ਇਸ ਤੋਂ ਪਹਿਲਾਂ ਚੰਡੀਗੜ੍ਹ ਹਵਾਈ ਅੱਡੇ 'ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਅਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਸ਼ਿਮਲਾ ਤੋਂ ਕਰੀਬ 14 ਕਿਲੋਮੀਟਰ ਦੂਰ ਮਸ਼ੋਬਰਾ ਨੇੜੇ ਰਾਸ਼ਟਰਪਤੀ ਰਿਟਰੀਟ 'ਤੇ ਰੁਕੇਗੀ। ਅਧਿਕਾਰੀਆਂ ਨੇ ਦਸਿਆ ਕਿ ਰਾਸ਼ਟਰਪਤੀ ਦੇ ਸ਼ਿਮਲਾ 'ਚ ਰਹਿਣ ਤਕ ਰਾਸ਼ਟਰਪਤੀ ਦੀ ਰਿਹਾਇਸ਼ ਜਨਤਾ ਲਈ ਬੰਦ ਰਹੇਗੀ। ਰਾਸ਼ਟਰਪਤੀ ਰਿਟਰੀਟ ਨੂੰ ਪਿਛਲੇ ਸਾਲ 20 ਅਪ੍ਰੈਲ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ।

ਸ਼ਿਮਲਾ ਦੇ ਜ਼ਿਲ੍ਹਾ ਮੈਜਿਸਟਰੇਟ ਅਨੁਪਮ ਕਸ਼ਯਪ ਨੇ ਮੀਡੀਆ ਨੂੰ ਦਸਿਆ ਕਿ ਰਾਸ਼ਟਰਪਤੀ 8 ਮਈ ਨੂੰ ਦਿੱਲੀ ਲਈ ਰਵਾਨਾ ਹੋਣਗੇ। ਉਨ੍ਹਾਂ ਦੇ ਯਾਤਰਾ ਪ੍ਰੋਗਰਾਮ ਵਿਚ 5 ਮਈ ਨੂੰ ਸ਼ਿਮਲਾ ਕੈਚਮੈਂਟ ਖੇਤਰ ਦਾ ਦੌਰਾ ਸ਼ਾਮਲ ਹੈ। 7 ਮਈ ਨੂੰ ਮੁਰਮੂ ਸੰਕਟ ਮੋਚਨ ਅਤੇ ਤਾਰਾ ਦੇਵੀ ਮੰਦਰਾਂ 'ਚ ਪੂਜਾ ਕਰਨਗੇ, ਗੇਟੀ ਥੀਏਟਰ 'ਚ ਸੱਭਿਆਚਾਰਕ ਪ੍ਰੋਗਰਾਮ ਦਾ ਆਨੰਦ ਲੈਣਗੇ ਅਤੇ ਰਾਜ ਭਵਨ 'ਚ ਉਨ੍ਹਾਂ ਦੇ ਸਨਮਾਨ 'ਚ ਆਯੋਜਿਤ ਰਾਤ ਦੇ ਖਾਣੇ 'ਚ ਸ਼ਾਮਲ ਹੋਣਗੇ। ਰਾਸ਼ਟਰਪਤੀ 6 ਮਈ ਨੂੰ ਧਰਮਸ਼ਾਲਾ ਵਿਚ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੀ 7ਵੀਂ ਕਨਵੋਕੇਸ਼ਨ ਵਿਚ ਹਿੱਸਾ ਲੈਣਗੇ।