ਜੇ.ਡੀ. (ਐਸ) ਵਿਧਾਇਕ ਰੇਵੰਨਾ ਨੂੰ SIT ਨੇ ਹਿਰਾਸਤ ’ਚ ਲਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀ.ਬੀ.ਆਈ. ਪ੍ਰਜਵਲ ਰੇਵੰਨਾ ਵਿਰੁਧ ਬਲੂ ਕਾਰਨਰ ਨੋਟਿਸ ਜਾਰੀ ਕਰ ਸਕਦੀ ਹੈ: ਐਸ.ਆਈ.ਟੀ. 

HD Revanna

ਬੇਂਗਲੁਰੂ: ਜਿਨਸੀ ਸੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਜਵਲ ਰੇਵੰਨਾ ਦੇ ਪਿਤਾ ਅਤੇ ਜਨਤਾ ਦਲ (ਐਸ) ਦੇ ਵਿਧਾਇਕ ਐਚ.ਡੀ. ਨਰਸਿਮਹਾ ਰਾਓ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਇਕ ਅਦਾਲਤ ਵਲੋਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਸੀ। 

ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਗੌੜਾ ਦੇ ਪੋਤੇ ਪ੍ਰਜਵਾਲ (33) ਹਾਸਨ ਤੋਂ ਲੋਕ ਸਭਾ ਚੋਣਾਂ ਲਈ ਭਾਜਪਾ-ਜੇ.ਡੀ.(ਐਸ) ਗੱਠਜੋੜ ਦੇ ਉਮੀਦਵਾਰ ਸਨ, ਜਿੱਥੇ 26 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਪ੍ਰਜਵਾਲ ਰੇਵੰਨਾ ਨਾਲ ਜੁੜੀਆਂ ਅਸ਼ਲੀਲ ਵੀਡੀਉ ਕਲਿੱਪਾਂ ਹਾਲ ਹੀ ਦੇ ਦਿਨਾਂ ’ਚ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ ਕੀਤਾ ਸੀ।

ਉਧਰ ਪ੍ਰਜਵਲ ਰੇਵੰਨਾ ਨਾਲ ਜੁੜੇ ‘ਸੈਕਸ ਸਕੈਂਡਲ’ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦੇ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੂੰ ਸੂਚਿਤ ਕੀਤਾ ਕਿ ਸੀ.ਬੀ.ਆਈ. ਹਾਸਨ ਦੇ ਸੰਸਦ ਮੈਂਬਰ (ਪ੍ਰਜਵਾਲ) ਵਿਰੁਧ ‘ਬਲੂ ਕਾਰਨਰ ਨੋਟਿਸ’ ਜਾਰੀ ਕਰ ਸਕਦੀ ਹੈ। 

ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਤੋਂ ਜਾਰੀ ਇਕ ਬਿਆਨ ਮੁਤਾਬਕ ਸਿਧਾਰਮਈਆ ਨੇ ਐਸ.ਆਈ.ਟੀ. ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਬੈਠਕ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਪ੍ਰਜਵਲ ਰੇਵੰਨਾ ਨੂੰ ਗ੍ਰਿਫਤਾਰ ਕਰਨ ਲਈ ਤੁਰਤ ਕਾਰਵਾਈ ਕਰਨ ਦੇ ਹੁਕਮ ਦਿਤੇ।

ਬਿਆਨ ਅਨੁਸਾਰ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਕਿਹਾ, ‘‘ਅਸੀਂ ਉਚਿਤ ਕਦਮਾਂ ਨਾਲ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੀ.ਬੀ.ਆਈ. ਵਲੋਂ ‘ਬਲੂ ਕਾਰਨਰ ਨੋਟਿਸ’ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ ਜੋ ਜਾਂਚ ਨੂੰ ਤੇਜ਼ ਕਰੇਗਾ।’’ ਉਨ੍ਹਾਂ (ਐਸ.ਆਈ.ਟੀ. ਅਧਿਕਾਰੀਆਂ) ਨੇ ਭਰੋਸਾ ਦਿਤਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਜਾਣਕਾਰੀ ਮਿਲੇਗੀ, ਉਹ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲੈਣਗੇ ਅਤੇ ਵਾਪਸ ਲੈ ਆਉਣਗੇ।

ਬਲੂ ਕਾਰਨਰ ਨੋਟਿਸ ਕੌਮਾਂਤਰੀ ਪੁਲਿਸ ਸਹਿਯੋਗ ਸੰਸਥਾ ਵਲੋਂ ਅਪਣੇ ਮੈਂਬਰ ਦੇਸ਼ਾਂ ਤੋਂ ਕਿਸੇ ਅਪਰਾਧ ਦੇ ਸਬੰਧ ’ਚ ਕਿਸੇ ਵਿਅਕਤੀ ਦੀ ਪਛਾਣ, ਸਥਾਨ ਜਾਂ ਗਤੀਵਿਧੀਆਂ ਬਾਰੇ ਵਾਧੂ ਜਾਣਕਾਰੀ ਇਕੱਤਰ ਕਰਨ ਲਈ ਜਾਰੀ ਕੀਤਾ ਜਾਂਦਾ ਹੈ। 

ਅਧਿਕਾਰਤ ਸੂਤਰਾਂ ਨੇ ਦਸਿਆ ਕਿ ਐਸ.ਆਈ.ਟੀ. ਨੇ ਭਾਰਤ ’ਚ ਇੰਟਰਪੋਲ ਮਾਮਲਿਆਂ ਦੀ ਨੋਡਲ ਏਜੰਸੀ ਸੀ.ਬੀ.ਆਈ. ਨੂੰ ਬੇਨਤੀ ਭੇਜੀ ਹੈ ਕਿ ਪ੍ਰਜਵਲ ਰੇਵੰਨਾ ਦੇ ਵਿਰੁਧ ‘ਬਲੂ ਕਾਰਨਰ ਨੋਟਿਸ’ ਜਾਰੀ ਕੀਤਾ ਜਾਵੇ। ਸੂਤਰਾਂ ਨੇ ਦਸਿਆ, ‘‘ਸੀ.ਬੀ.ਆਈ. ਵਲੋਂ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਐਸ.ਆਈ.ਟੀ. ਨੂੰ ਪ੍ਰਜਵਲ ਰੇਵੰਨਾ ਦੇ ਟਿਕਾਣੇ ਬਾਰੇ ਜਾਣਕਾਰੀ ਮਿਲਣ ਦੀ ਉਮੀਦ ਹੈ।’’

ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਗੌੜਾ ਦੇ ਪੋਤੇ ਪ੍ਰਜਵਾਲ (33) ਹਸਨ ਤੋਂ ਲੋਕ ਸਭਾ ਚੋਣਾਂ ’ਚ ਭਾਜਪਾ-ਜੇ.ਡੀ. (ਐੱਸ) ਗੱਠਜੋੜ ਦੇ ਉਮੀਦਵਾਰ ਸਨ। ਪ੍ਰਜਵਲ ਰੇਵੰਨਾ ਨਾਲ ਜੁੜੀਆਂ ਅਸ਼ਲੀਲ ਵੀਡੀਉ ਕਲਿੱਪਾਂ ਹਾਲ ਹੀ ਦੇ ਦਿਨਾਂ ’ਚ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਰਾਜ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਪ੍ਰਜਵਾਲ 27 ਅਪ੍ਰੈਲ ਨੂੰ ਦੇਸ਼ ਛੱਡ ਕੇ ਚਲੇ ਗਏ ਸਨ। (ਪੀਟੀਆਈ)

ਰਾਹੁਲ ਗਾਂਧੀ ਨੇ ਸਿੱਧਰਮਈਆ ਨੂੰ ਚਿੱਠੀ ਲਿਖ ਕੇ ਪ੍ਰਜਵਲ ਰੇਵੰਨਾ ਮਾਮਲੇ ’ਚ ਪੀੜਤਾਂ ਲਈ ਮਦਦ ਦੀ ਮੰਗ ਕੀਤੀ

ਬੇਂਗਲੁਰੂ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੂੰ ਚਿੱਠੀ ਲਿਖ ਕੇ ਜਨਤਾ ਦਲ ਸੈਕੂਲਰ (ਜੇ.ਡੀ.ਐਸ.) ਦੇ ਨੇਤਾ ਪ੍ਰਜਵਲ ਰੇਵੰਨਾ ਦੇ ਸੋਸ਼ਣ ਦੇ ਪੀੜਤਾਂ ਦੀ ਹਰ ਤਰ੍ਹਾਂ ਦੀ ਮਦਦ ਦੀ ਮੰਗ ਕੀਤੀ ਹੈ। 

ਸਿਧਾਰਮਈਆ ਨੂੰ ਲਿਖੀ ਚਿੱਠੀ ’ਚ ਪਾਰਟੀ ਦੇ ਸਾਬਕਾ ਪ੍ਰਧਾਨ ਨੇ ਕਰਨਾਟਕ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀ ਕਾਰਵਾਈ ਦੀ ਨਿੰਦਾ ਕੀਤੀ ਅਤੇ ਉਨ੍ਹਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੱਥ ਮਿਲਾਉਣ ਦਾ ਦੋਸ਼ ਲਾਇਆ। 

ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤਕ ਅਜਿਹਾ ਕੋਈ ਜਨਤਕ ਨੁਮਾਇੰਦਾ ਨਹੀਂ ਵੇਖਿਆ ਜਿਸ ਨੇ ਔਰਤਾਂ ਵਿਰੁਧ ਹਿੰਸਾ ਦੇ ਮਾਮਲਿਆਂ ’ਤੇ ਲਗਾਤਾਰ ਚੁੱਪ ਧਾਰੀ ਹੋਵੇ। 

ਕਰਨਾਟਕ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ’ਚ ਰਾਹੁਲ ਗਾਂਧੀ ਨੇ ਕਿਹਾ, ‘‘ਮੈਂ ਤੁਹਾਨੂੰ (ਸਿੱਧਰਮਈਆ) ਬੇਨਤੀ ਕਰਦਾ ਹਾਂ ਕਿ ਕਿਰਪਾ ਕਰ ਕੇ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੋ। ਉਹ ਸਾਡੀ ਹਮਦਰਦੀ ਅਤੇ ਇਕਜੁੱਟਤਾ ਦੇ ਹੱਕਦਾਰ ਹਨ ਕਿਉਂਕਿ ਉਹ ਨਿਆਂ ਲਈ ਲੜ ਰਹੇ ਹਨ। ਇਹ ਯਕੀਨੀ ਬਣਾਉਣਾ ਸਾਡਾ ਸਮੂਹਿਕ ਫਰਜ਼ ਹੈ ਕਿ ਇਨ੍ਹਾਂ ਘਿਨਾਉਣੇ ਅਪਰਾਧਾਂ ਲਈ ਜ਼ਿੰਮੇਵਾਰ ਸਾਰੇ ਲੋਕਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇ।’’