ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਬੇਟੇ ਨੂੰ ਟਿਕਟ ਮਿਲਣ ਦੇ ਵਿਰੋਧ ’ਚ RLD ਬੁਲਾਰੇ ਨੇ ਅਸਤੀਫਾ ਦਿਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਬ੍ਰਿਜ ਭੂਸ਼ਣ ਸ਼ਰਨ ਦੇ ਬੇਟੇ ਨੂੰ ਟਿਕਟ ਦੇਣਾ ਮਹਿਲਾ ਭਲਵਾਨਾਂ ਦਾ ਅਪਮਾਨ ਹੈ

Rohit Jakhar

ਮੇਰਠ: ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਬੇਟੇ ਨੂੰ ਟਿਕਟ ਦਿਤੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਵਿਚਲੀ ਪਾਰਟੀ ਰਾਸ਼ਟਰੀ ਲੋਕ ਦਲ (ਆਰ.ਐਲ.ਡੀ.) ਦੇ ਸੀਨੀਅਰ ਆਗੂ ਅਤੇ ਕੌਮੀ ਬੁਲਾਰੇ ਰੋਹਿਤ ਜਾਖੜ ਨੇ ਪਾਰਟੀ ਅਤੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ।

ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਹਾਲ ਹੀ ’ਚ ਭਾਰਤ ਰਤਨ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ, ਚਰਨ ਸਿੰਘ ਦੇ ਪੋਤੇ ਜਯੰਤ ਸਿੰਘ ਦੀ ਅਗਵਾਈ ਵਾਲੀ ਆਰ.ਐਲ.ਡੀ. ਵਿਰੋਧੀ ਪਾਰਟੀਆਂ ‘ਇੰਡੀਆ’ ਦੇ ਗੱਠਜੋੜ ਤੋਂ ਵੱਖ ਹੋ ਕੇ ਐਨ.ਡੀ.ਏ. ’ਚ ਸ਼ਾਮਲ ਹੋ ਗਈ ਸੀ। ਯੂ.ਪੀ. ’ਚ ਆਰ.ਐਲ.ਡੀ. ਨੂੰ ਗੱਠਜੋੜ ’ਚ ਲੋਕ ਸਭਾ ਚੋਣਾਂ ਲੜਨ ਲਈ ਦੋ ਸੀਟਾਂ ਮਿਲੀਆਂ ਹਨ। 

ਰੋਹਿਤ ਜਾਖੜ ਨੇ ਕਿਹਾ, ‘‘ਮੈਂ ਆਰ.ਐਲ.ਡੀ. ਦੇ ਕੌਮੀ ਬੁਲਾਰੇ ਦੇ ਅਹੁਦੇ ਤੋਂ ਅਸਤੀਫਾ ਪਾਰਟੀ ਪ੍ਰਧਾਨ ਜਯੰਤ ਚੌਧਰੀ ਨੂੰ ਭੇਜ ਦਿਤਾ ਹੈ।’’ ਅਗਲੇ ਕਦਮ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਮੈਂ ਇਸ ਸਮੇਂ ਕਿਸੇ ਵੀ ਸਿਆਸੀ ਪਾਰਟੀ ’ਚ ਸ਼ਾਮਲ ਨਹੀਂ ਹੋਣ ਜਾ ਰਹੇ ਹਾਂ। ਪਰ ਸਮਾਜਕ ਮੁੱਦਿਆਂ ’ਤੇ ਸਾਡਾ ਸੰਘਰਸ਼ ਪਹਿਲਾਂ ਵਾਂਗ ਜਾਰੀ ਰਹੇਗਾ।’’ ਰੋਹਿਤ ਜਾਖੜ ਨੇ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਮਹਿਲਾ ਭਲਵਾਨ ਮਾਮਲੇ ’ਚ ਮੁਲਜ਼ਮ ਹਨ ਅਤੇ ਉਨ੍ਹਾਂ ਦੇ ਬੇਟੇ ਨੂੰ ਟਿਕਟ ਦੇਣਾ ਮਹਿਲਾ ਭਲਵਾਨਾਂ ਦਾ ਅਪਮਾਨ ਹੈ। 

ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਦੇਸ਼ ਅਤੇ ਦੇਸ਼ ਦਾ ਸਨਮਾਨ ਸੱਭ ਤੋਂ ਪਹਿਲਾਂ ਹੈ। ਰੋਹਿਤ ਜਾਖੜ ਕੌਮੀ ਜਾਟ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਵੀ ਹਨ। ਪਿਛਲੇ ਕਈ ਸਾਲਾਂ ਤੋਂ ਉਹ ਆਰ.ਐਲ.ਡੀ. ਅਤੇ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਸਨ। ਭਾਜਪਾ ਨੇ 2 ਮਈ ਨੂੰ ਕੈਸਰਗੰਜ ਲੋਕ ਸਭਾ ਸੀਟ ਤੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਬੇਟੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ।