ਕੰਪਨੀਆਂ ਘਟਾ ਰਹੀਆਂ ਹਨ ਨੌਕਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੇਵਾ ਖੇਤਰ ਗਤੀਵਿਧੀਆਂ ਵਿਚ ਮਈ ’ਚ ਕਮੀ

File Photo

ਨਵੀਂ ਦਿੱਲੀ, 3 ਜੂਨ: ਕੋਰੋਨਾ ਵਾਇਰਸ ਮਹਾਂਮਾਰੀ ਅਤੇ ਉਸ ਦੀ ਰੋਕਥਾਮ ਲਈ ਜਾਰੀ ‘ਤਾਲਾਬੰਦੀ’ ਕਰ ਕੇ ਪੂਰੇ ਦੇਸ਼ ’ਚ ਮਈ ਮਹੀਨੇ ’ਚ ਸੇਵਾ ਖੇਤਰ ਦੀਆਂ ਗਤੀਵਿਧੀਆਂ ’ਚ ਤੇਜ਼ੀ ਨਾਲ ਕਮੀ ਆਈ ਹੈ ਅਤੇ ਦੁਕਾਨਾਂ ’ਤੇ ਗਾਹਕਾਂ ਦਾ ਜਾਣਾ ਲਗਭਗ ਬੰਦ ਰਿਹਾ। ਇਨ੍ਹਾਂ ਸੱਭ ਕਰ ਕੇ ਕੰਪਨੀਆਂ ਨੇ ਨੌਕਰੀਆਂ ਘਟਾਉਣੀਆਂ ਸ਼ੁਰੂ ਕਰ ਦਿਤੀਆਂ ਹਨ। ਇਕ ਮਹੀਨਾਵਾਰ ਸਰਵੇ ’ਚ ਬੁਧਵਾਰ ਨੂੰ ਇਹ ਕਿਹਾ ਗਿਆ। 

ਆਈ.ਐਚ.ਐਸ. ਮਾਰਕੀਟ ਭਾਰਤ ਸੇਵਾ ਕਾਰੋਬਾਰ ਗਤੀਵਿਧੀ ਸੂਚਕ ਅੰਕ ਮਈ ’ਚ 12.6 ’ਤੇ ਰਿਹਾ। ਇਹ ਉਤਪਾਦਨ ’ਚ ਫਿਰ ਵੱਡੀ ਗਿਰਾਵਟ ਨੂੰ ਦਰਸਾਉਂਦਾ ਹੈ। ਸਰਵੇ ’ਚ ਕਿਹਾ ਗਿਆ ਹੈ ਕਿ ਹਾਲਾਂਕਿ ਮਈ ਦਾ ਸੂਚਕ ਅੰਕ ਅਪ੍ਰੈਲ ਦੇ 5.4 ਦੇ ਰੀਕਾਰਡ ਹੇਠਲੇ ਪੱਧਰ ਤੋਂ ਬਿਹਤਰ ਹੈ ਪਰ ਇਸ ਦੇ ਬਾਵਜੂਦ ਇਹ ਪੱਧਰ 14 ਸਾਲ ਤੋਂ ਜਾਰੀ ਅੰਕੜੇ ਇਕੱਠੇ ਕਰਨ ਦੌਰਾਨ ਨਹੀਂ ਵੇਖਿਆ ਗਿਆ। ਇਹ ਦੇਸ਼ ਭਰ ’ਚ ਸੇਵਾ ਗਤੀਵਿਧੀਆਂ ’ਚ ਭਾਰੀ ਕਮੀ ਨੂੰ ਦਸਦਾ ਹੈ।
ਸਰਵੇ ਅਨੁਸਾਰ ਆਈ.ਐਚ.ਐਸ. ਮਾਰਕੀਟ ਇੰਡੀਆ ਸਰਵਿਸਿਜ਼ ਪਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀ.ਐਮ.ਆਈ.) ਦੇ 50 ਤੋਂ ਵੱਧ ਅੰਕ ਹੋਣ ਦਾ ਅਰਥ ਹੈ ਗਤੀਵਿਧੀਆਂ ’ਚ ਵਿਸਤਾਰ, ਜਦਕਿ ਇਸ ਤੋਂ ਘੱਟ ਅੰਕ ਕਮੀ ਨੂੰ ਦਸਦਾ ਹੈ।

ਇਸ ’ਚ ਕਿਹਾ ਗਿਆ ਹੈ ਕਿ ਕਾਰੋਬਾਰੀ ਗਤੀਵਿਧੀਆਂ ਬੰਦ ਹੋਣ ਕਰ ਕੇ ਉਤਪਾਦਨ ’ਚ ਤੇਜ਼ ਗਿਰਾਵਟ ਆਈ ਹੈ ਅਤੇ ਮੰਗ ਦੀ ਸਥਿਤੀ ਖਸਤਾਹਾਲ ਰਹੀ। 
ਆਈ.ਐਚ.ਐਸ. ਮਾਰਕੀਟ ਦੇ ਅਰਥਸ਼ਾਸਤਰੀ ਜੋ ਹੇਅਸ ਨੇ ਕਿਹਾ, ‘‘ਭਾਰਤ ’ਚ ਸੇਵਾ ਖੇਤਰ ਦੀਆਂ ਗਤੀਵਿਧੀਆਂ ਅਜੇ ਵੀ ਲਗਭਗ ਰੁਕੀਆਂ ਹੋਈਆਂ ਹਨ। ਨਵੀਨਤਮਕ ਪੀ.ਐਮ.ਆਈ. ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਮਈ ’ਚ ਇਕ ਵਾਰੀ ਫਿਰ ਉਤਪਾਦਨ ’ਚ ਭਾਰੀ ਕਮੀ ਆਈ ਹੈ।’’

ਹੇਅਸ ਨੇ ਕਿਹਾ ਕਿ ਸੇਵਾਵਾਂ ਦੀ ਮੰਗ ’ਚ ਮਈ ਮਹੀਨੇ ’ਚ ਲਗਾਤਾਰ ਕਮੀ ਰਹੀ। ਇਹ ਕਮੀ ਘਰੇਲੂ ਅਤੇ ਕੌਮਾਂਤਰੀ ਬਾਜ਼ਾਰ ਦੋਹਾਂ ’ਚ ਵੇਖੀ ਗਈ। ਇਸ ਦਾ ਕਾਰਨ ਕਾਰੋਬਾਰ ਦਾ ਬੰਦ ਹੋਣਾ ਅਤੇ ਦੁਕਾਨਾਂ ’ਤੇ ਪੁੱਜਣ ਵਾਲੇ ਲੋਕਾਂ ਦੀ ਗਿਣਤੀ ਆਮ ਪੱਧਰ ਤੋਂ ਕਾਫ਼ੀ ਹੇਠਾਂ ਰਹੀ। ਸਰਵੇ ’ਚ ਕਿਹਾ ਗਿਆ ਹੈ ਕਿ ਕਮਜ਼ੋਰ ਕੰਮ ਅਤੇ ਆਉਣ ਵਾਲੇ ਸਮੇਂ ’ਚ ਚੁਨੌਤੀਪੂਰਨ ਹਾਲਤਾ ਕਰ ਕੇ ਰੁਜ਼ਗਾਰ ’ਚ ਲਗਾਤਾਰ ਕਮੀ ਵੇਖੀ ਗਈ। 

ਇਸ ਤੋਂ ਪਹਿਲਾਂ ਸੋਮਵਾਰ ਨੂੰ ਮੂਡੀਜ਼ ਨੇ ਵੀ ਭਾਰਤ ਦੀ ਸਾਖ ਨੂੰ ਘੱਟ ਕਰ ਕੇ ਨਿਵੇਸ਼ ਨੂੰ ਘੱਟ ਤੋਂ ਘੱਟ ਪੱਧਰ ’ਤੇ ਕਰ ਦਿਤਾ। ਇਸ ਦਾ ਮੁੱਖ ਕਾਰਨ ਸਮਰਥਾ ਮੁਕਾਬਲੇ ਵਾਧਾ ਦਰ ਦਾ ਹੌਲੀ ਹੋਣਾ ਅਤੇ ਵਧਦੇ ਕਰਜ਼ੇ ਨੂੰ ਲੈ ਕੇ ਜੋਖਮ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਦੇਸ਼ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਪਾਰ ਪਾ ਲਵੇਗਾ ਅਤੇ ਸਰਕਾਰ ਦੀਆਂ ਫ਼ੈਸਲਾਕੁੰਨਨ ਨੀਤੀਆਂ ਤੋਂ ਪਟੜੀ ’ਤੇ ਪਰਤੇਗਾ।     (ਪੀਟੀਆਈ)