ਦਿੱਲੀ ਗੁਰਦਵਾਰਾ ਕਮੇਟੀ ਨੇ ਕੋਵਿਡ ਹਸਪਤਾਲ ਬਣਾਉਣ ਲਈ ਦਾਨ ਕੀਤਾ 20 ਕਿਲੋ ਸੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਸਪਤਾਲ ’ਚ ਬਾਲਗ਼ਾਂ ਲਈ 35 ਆਈ.ਸੀ.ਯੂ. ਬਿਸਤਰ ਅਤੇ ਬੱਚਿਆਂ ਲਈ 4 ਆਈ.ਸੀ.ਯੂ. ਬਿਸਤਰ ਹੋਣਗੇ।

Gurudwara Bangla Sahib

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਨੇ ਸ਼ਹਿਰ ’ਚ 125 ਬਿਸਤਰਿਆਂ ਵਾਲਾ ਕੋਰੋਨਾ ਹਸਪਤਾਲ ਬਣਾਉਣ ਲਈ 20 ਕਿਲੋਗ੍ਰਾਮ ਸੋਨਾ ਅਤੇ ਚਾਂਦੀ ਦਾਨ ਕੀਤੀ ਹੈ। ਹਸਪਤਾਲ ਦੇ ਨਿਰਮਾਣ ਲਈ ਗਹਿਣੇ ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲੇ ਨੂੰ ਸੌਂਪ ਦਿਤੇ ਗਏ ਹਨ।

ਡੀ.ਐਸ.ਜੀ.ਐਮ.ਸੀ. ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਕ ਪੱਤਰਕਾਰ ਸੰਮੇਲਨ ’ਚ ਦਸਿਆ ਕਿ ਹਸਪਤਾਲ ਨੂੰ ਰਿਕਾਰਡ 60 ਦਿਨਾਂ ’ਚ ਬਣਾਇਆ ਜਾਵੇਗਾ। ਉਨ੍ਹਾਂ ਕਿਹਾ,‘‘ਸੋਨਾ ਅਤੇ ਚਾਂਦੀ ਜ਼ਰੂਰੀ ਨਹੀਂ ਹਨ, ਸਿਹਤ ਸੇਵਾ ਸੱਭ ਤੋਂ ਜ਼ਰੂਰੀ ਹੈ। ਅਸੀਂ ਇਸ ਦੀ ਵਰਤੋਂ ਲੋਕਾਂ ਦੇ ਕਲਿਆਣ ਲਈ ਕਰਨਾ ਚਾਹੁੰਦੇ ਹਾਂ।’’

 ਸਿਰਸਾ ਨੇ ਦਸਿਆ ਕਿ ਹਸਪਤਾਲ ’ਚ ਬਾਲਗ਼ਾਂ ਲਈ 35 ਆਈ.ਸੀ.ਯੂ. ਬਿਸਤਰ ਅਤੇ ਬੱਚਿਆਂ ਲਈ 4 ਆਈ.ਸੀ.ਯੂ. ਬਿਸਤਰ ਹੋਣਗੇ। ਔਰਤਾਂ ਲਈ ਵਖਰਾ ਵਾਰਡ ਵੀ ਹੋਵੇਗਾ। ਹੁਣ ਇਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ ਅਤੇ ਬਾਅਦ ਵਿਚ ਇਸ ਨੂੰ ਆਮ ਹਸਪਤਾਲ ’ਚ ਤਬਦੀਲ ਕਰ ਦਿਤਾ ਜਾਵੇਗਾ।