ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਤਿੰਨ ਸਾਲ ਬਾਅਦ ਮਿਲਿਆ ਪਾਸਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈ ਕੋਰਟ ’ਚ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਮਿਲਿਆ ਪਾਸਪੋਰਟ 

Mehboob Mufti

ਸ੍ਰੀਨਗਰ: ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਤਿੰਨ ਸਾਲਾਂ ਬਾਅਦ 10 ਸਾਲ ਦੀ ਮਿਆਦ ਵਾਲਾ ਪਾਸਪੋਰਟ ਜਾਰੀ ਕੀਤਾ ਗਿਆ ਹੈ। 

ਸੂਤਰਾਂ ਅਨੁਸਾਰ ਦਿੱਲੀ ਹਾਈ ਕੋਰਟ ’ਚ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਮਹਿਬੂਬਾ ਨੂੰ ਪਾਸਪੋਰਟ ਮਿਲ ਗਿਆ ਹੈ। ਉਨ੍ਹਾਂ ਦੇ ਪਾਸਪੋਰਟ ਦੀ ਮਿਆਦ 2019 ’ਚ ਖ਼ਤਮ ਹੋ ਗਈ ਸੀ ਅਤੇ ਉਹ ਉਦੋਂ ਤੋਂ ਹੀ ਇਸ ਨਵੀਨੀਕਰਨ ਦੀ ਮੰਗ ਕਰ ਰਹੇ ਸਨ।

ਮਹਿਬੂਬਾ ਨੂੰ ਅਜਿਹੇ ਸਮੇਂ ’ਚ ਪਾਸਪੋਰਟ ਜਾਰੀ ਕੀਤਾ ਗਿਆ ਹੈ, ਜਦੋਂ ਦੋ ਦਿਨ ਬਾਅਦ ਜੰਮੂ-ਕਸ਼ਮੀਰ ਹਾਈ ਕੋਰਟ ’ਚ ਉਨ੍ਹਾਂ ਦੀ ਬੇਟੀ ਇਲਤਜਾ ਦੀ ਅਪੀਲ ’ਤੇ ਸੁਣਵਾਈ ਹੋਣੀ ਹੈ, ਜਿਸ ’ਚ ਉਨ੍ਹਾਂ ਨੇ ਖ਼ੁਦ ਨੂੰ ਦੇਸ਼ ਵਿਸ਼ੇਸ਼ ਪਾਸਪੋਰਟ ਦੇਣ ਦੇ ਪਾਸਪੋਰਟ ਦਫ਼ਤਰ ’ਚ ਫ਼ੈਸਲੇ ਨੂੰ ਚੁਨੌਤੀ ਦਿਤੀ ਹੈ।

ਮਹਿਬੂਬਾ ਨੂੰ ਦਿਤੇ ਪਾਸਪੋਰਟ ਦੀ ਮਿਆਦ 1 ਜੂਨ, 2023 ਤੋਂ 31 ਮਈ 2033 ਤਕ ਹੈ।

ਦਿੱਲੀ ਹਾਈ ਕੋਰਟ ਨੇ ਇਸ ਸਾਲ ਮਾਰਚ ’ਚ ਪਾਸਪੋਰਟ ਅਥਾਰਟੀ ਨੂੰ ਪੀ.ਡੀ.ਪੀ. ਮੁਖੀ ਨੂੰ ਨਵਾਂ ਯਾਤਰਾ ਦਸਤਾਵੇਜ਼ ਜਾਰੀ ਕਰਨ ਲਈ ਤਿੰਨ ਮਹੀਨੇ ਅੰਦਰ ਫ਼ੈਸਲਾ ਲੈਣ ਨੂੰ ਕਿਹਾ ਸੀ। 

ਮਹਿਬੂਬਾ ਨੇ ਪਾਸਪੋਰਟ ਜਾਰੀ ਕਰਨ ਲਈ ਇਸ ਸਾਲ ਫ਼ਰਵਰੀ ’ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੋਂ ਦਖ਼ਲਅੰਦਾਜ਼ੀ ਕਰਨ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਹ ਅਪਣੀ 80 ਵਰ੍ਹਿਆਂ ਦੀ ਮਾਂ ਨੂੰ ਹੱਜ ਯਾਤਰਾ ’ਤੇ ਮੱਕਾ ਲੈ ਕੇ ਜਾਣ ਲਈ ਪਿਛਲੇ ਤਿੰਨ ਸਾਲ ਤੋਂ ਇਸ ਦੀ ਉਡੀਕ ਕਰ ਰਹੇ ਹਨ। 

ਜੰਮੂ-ਕਸ਼ਮੀਰ ਪੁਲਿਸ ਵਲੋਂ ਸੌਂਪੀ ਇਕ ‘ਵਿਰੋਧੀ ਰੀਪੋਰਟ’ ਦਾ ਹਵਾਲਾ ਦਿੰਦਿਆਂ ਮਹਿਬੂਬਾ ਅਤੇ ਉਨ੍ਹਾਂ ਦੀ ਮਾਂ ਨੂੰ ਮਾਰਚ 2021 ’ਚ ਪਾਸਪੋਰਟ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ।