ਅਫ਼ਗ਼ਾਨਿਸਤਾਨ 'ਚ ਸਿੱਖਾਂ ਤੇ ਹਿੰਦੂਆਂ 'ਤੇ ਹਮਲਾ ਸਿੱਖਾਂ ਨੇ ਅਫ਼ਗ਼ਾਨੀ ਸਫ਼ਾਰਤਖ਼ਾਨੇ ਤਕ ਕਢਿਆ ਰੋਸ ਮਾਰਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਫ਼ਗ਼ਾਨਿਸਤਾਨ ਵਿਚ ਮਨੁੱਖੀ ਬੰਬ ਹਮਲੇ ਵਿਚ ਸਿੱਖਾਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਦੇ ਰੋਸ ਵਜੋਂ ਅੱਜ ਸ਼੍ਰੋਮਣੀ ਅਕਾਲੀ ਬਾਦਲ, ਦਿੱਲੀ ਸਿੱਖ ਗੁਰਦਵਾਰਾ ...

Rally of Sikhs

ਨਵੀਂ ਦਿੱਲੀ, ਅਫ਼ਗ਼ਾਨਿਸਤਾਨ ਵਿਚ ਮਨੁੱਖੀ ਬੰਬ ਹਮਲੇ ਵਿਚ ਸਿੱਖਾਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਦੇ ਰੋਸ ਵਜੋਂ ਅੱਜ ਸ਼੍ਰੋਮਣੀ ਅਕਾਲੀ ਬਾਦਲ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦਵਾਰਾ ਕਮੇਟੀ ਅਤੇ ਅਫ਼ਗ਼ਾਨੀ ਹਿੰਦੂਆਂ-ਸਿੱਖਾਂ ਨੇ ਦਿੱਲੀ ਵਿਚਲੇ ਅਫ਼ਗ਼ਾਨਿਸਤਾਨ ਦੇ ਸਫ਼ਾਰਤਖ਼ਾਨੇ ਕੋਲ ਜ਼ੋਰਦਾਰ ਰੋਸ ਮੁਜ਼ਾਹਰਾ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।

ਅਰਦਾਸ ਪਿਛੋਂ ਤੀਨ ਮੂਰਤੀ ਤੋਂ ਸ਼ੁਰੂ ਹੋਏ ਰੋਸ ਮਾਰਚ ਨੂੰ ਪੁਲਿਸ ਨੇ ਅਫ਼ਗ਼ਾਨਿਸਤਾਨ ਸਫ਼ਾਰਤਖ਼ਾਨੇ ਤੋਂ ਢਾਈ ਕਿਲੋਮੀਟਰ ਦੂਰ ਰੋਕਾਂ ਲਾ ਕੇ, ਚਾਣਕਿਆ ਪੁਰੀ ਥਾਣੇ ਕੋਲ ਹੀ ਰੋਕ ਲਿਆ। ਸਫ਼ਾਰਤਖ਼ਾਨੇ ਦੇ ਬਾਹਰ ਵੀ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।ਇਥੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ., ਸ਼੍ਰੋਮਣੀ ਕਮੇਟੀ ਪ੍ਰਧਾਨ ਸ.ਗੋਬਿੰਦ ਸਿੰਘ ਲੌਂਗੋਵਾਲ, ਅਫ਼ਗ਼ਾਨੀ ਸਿੱਖ ਤੇ ਅਕਾਲੀ ਐਮ ਪੀ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਸ.ਸੁਖਦੇਵ ਸਿੰਘ ਢੀਂਡਸਾ,

ਸਾਬਕਾ ਦਿੱਲੀ ਕਮੇਟੀ ਮੈਂਬਰ ਸ.ਇੰਦਰਜੀਤ ਸਿੰਘ ਮੌਂਟੀ  ਤੇ ਹੋਰ ਅਫ਼ਗ਼ਾਨਿਸਤਾਨ ਦੇ ਸਫ਼ਾਰਤਖ਼ਾਨੇ ਵਿਚ ਮੰਗ ਪੱਤਰ ਦੇਣ ਗਏ।ਭਾਵੇਂ ਕਿ ਮੌਕੇ 'ਤੇ ਹੀ ਅਫ਼ਗ਼ਾਨਿਸਤਾਨੀ ਅਫ਼ਸਰ ਮੰਗ ਪੱਤਰ ਲੈਣ ਲਈ ਪੁੱਜ ਚੁਕੇ ਸਨ ਪਰ ਅਹੁਦੇਦਾਰਾਂ ਨੇ ਸਫ਼ੀਰ ਨਾਲ ਮੁਲਾਕਾਤ ਕਰਨ ਦੀ ਮੰਗ ਕੀਤੀ ਸੀ। ਸ਼ਾਂਤਮਈ ਰੋਸ ਮਾਰਚ 'ਚ ਜਿਥੇ ਸਿੱਖਾਂ ਨੇ ਅਪਣੀਆਂ ਬਾਹਵਾਂ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ,

ਉਥੇ ਅਪਣੇ ਹੱਥਾਂ ਵਿਚ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿਚ ਰੋਸਮਈ ਨਾਹਰਿਆਂ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।  ਇਸ ਤੋਂ ਪਹਿਲਾਂ ਮਾਰੇ ਗਏ ਸਿੱਖਾਂ ਨਮਿਤ ਅੱਜ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਰਦਾਸ ਕੀਤੀ। ਅਪਣੇ ਸੰਬੋਧਨ 'ਚ ਸ. ਮਨਜੀਤ ਸਿੰਘ ਜੀ.ਕੇ.

, ਸ.ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰਨਾਂ ਅਹੁਦੇਦਾਰਾਂ ਨੇ ਅਫ਼ਗ਼ਾਨਿਸਤਾਨ ਵਿਚ ਬੇਰਹਿਮੀ ਨਾਲ ਕਤਲ ਕੀਤੇ ਗਏ ਸਿੱਖ ਆਗੂਆਂ ਬਾਰੇ ਡੂੰਘਾ ਅਫ਼ਸੋਸ ਪ੍ਰਗਟਾਇਆ ਤੇ ਕਿਹਾ ਕਿ ਭਾਰਤ ਸਰਕਾਰ ਦੇ ਨਾਲ ਅਫ਼ਗ਼ਾਨਿਸਤਾਨ ਦੀ ਸਰਕਾਰ ਇਸ ਹਮਲੇ ਦੀ ਉਚ ਪਧਰੀ ਪੜਤਾਲ ਕਰਵਾਏ ਤਾਕਿ ਇਹ ਸੱਚ ਸਾਹਮਣੇ ਆ ਸਕੇ ਕਿ ਸਿੱਖਾਂ ਦੇ ਕਤਲਾਂ ਪਿਛੇ ਕੌਣ ਹੈ। ਇਸ ਵਿਚਕਾਰ ਦਿੱਲੀ ਗੁਰਦਵਾਰਾ ਕਮੇਟੀ ਤੇ ਸ਼੍ਰੋਮਣੀ ਕਮੇਟੀ ਨੇ ਆਪੋ ਅਪਣੇ ਤੌਰ 'ਤੇ ਮਾਰੇ ਗਏ  ਅਫ਼ਗ਼ਾਨੀ ਸਿੱਖਾਂ ਦੇ ਪਰਵਾਰਾਂ ਨੂੰ  ਇਕ-ਇਕ ਲੱਖ ਤੇ ਜ਼ਖ਼ਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਹਰੇਕ ਨੂੰ ਦੇਣ ਦਾ ਐਲਾਨ ਕੀਤਾ ਹੈ।