ਮੈਂ ਸ਼ਹਿਨਸ਼ਾਹ ਜਾਂ ਦੰਭੀ ਸ਼ਾਸਕ ਨਹੀਂ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਕੋਈ ਸ਼ਹਿਨਸ਼ਾਹ ਜਾਂ ਦੰਭੀ ਸ਼ਾਸਕ ਨਹੀਂ ਜੋ ਲੋਕਾਂ ਦੀ ਗਰਮਜੋਸ਼ੀ ਤੋਂ ਪ੍ਰਭਾਵਤ ਨਾ ਹੋਵੇ।ਉਨ੍ਹਾਂ ਕਿਹਾ ਕਿ ਲੋਕਾਂ ਨਾਲ...

Narendra Modi

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਕੋਈ ਸ਼ਹਿਨਸ਼ਾਹ ਜਾਂ ਦੰਭੀ ਸ਼ਾਸਕ ਨਹੀਂ ਜੋ ਲੋਕਾਂ ਦੀ ਗਰਮਜੋਸ਼ੀ ਤੋਂ ਪ੍ਰਭਾਵਤ ਨਾ ਹੋਵੇ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਤਾਕਤ ਮਿਲਦੀ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਉਹ ਸੜਕਾਂ 'ਤੇ ਭਾਰੀ ਗਿਣਤੀ ਵਿਚ ਲੋਕਾਂ ਨੂੰ ਉਸ ਦਾ ਸਵਾਗਤ ਕਰਨ ਲਈ ਖੜੇ ਹੋਏ ਵੇਖਦੇ ਹਨ ਤਾਂ ਉਹ ਅਪਣੀ ਕਾਰ ਵਿਚ ਬੈਠੇ ਨਹੀਂ ਰਹਿ ਸਕਦੇ। ਮੋਦੀ ਨੇ 'ਸਵਰਾਜ' ਰਸਾਲੇ ਨੂੰ ਦਿਤੀ ਇੰਟਰਵਿਊ ਵਿਚ ਕਿਹਾ, 'ਮੈਂ ਕੋਈ ਸ਼ਹਿਨਸ਼ਾਹ ਜਾਂ ਦੰਭੀ ਸ਼ਾਸਕ ਨਹੀਂ ਜਿਹੜਾ ਲੋਕਾਂ ਦੀ ਗਰਮਜੋਸ਼ੀ ਤੋਂ ਪ੍ਰਭਾਵਤ ਨਾ ਹੋਵੇ। ਲੋਕਾਂ 'ਚ ਵਿਚਰਨ ਨਾਲ ਮੈਨੂੰ ਤਾਕਤ ਮਿਲਦੀ ਹੈ।'

ਪ੍ਰਧਾਨ ਮੰਤਰੀ ਰੋਡ ਸ਼ੋਅ ਦੌਰਾਨ ਉਨ੍ਹਾਂ ਦੀ ਨਿਜੀ ਸੁਰੱਖਿਆ ਬਾਰੇ ਉਨ੍ਹਾਂ ਦੇ ਸ਼ੁਭਚਿੰਤਕਾਂ ਦੇ ਮਨ ਵਿਚ ਪੈਦਾ ਖ਼ਦਸ਼ਿਆਂ ਨਾਲ ਜੁੜੇ ਸਵਾਲ ਦਾ ਜਵਾਬ ਦੇ ਰਹੇ ਸਨ। ਕਾਂਗਰਸ ਬਾਰੇ ਉਨ੍ਹਾਂ ਕਿਹਾ ਕਿ ਇਹ ਹੁਣ ਖੇਤਰੀ ਪਾਰਟੀ ਬਣ ਕੇ ਰਹਿ ਗਈ ਹੈ। ਵਿਰੋਧੀ ਧਿਰ ਕੋਲ ਕੋਈ ਮੁੱਦੇ ਨਹੀਂ ਰਹੇ ਤੇ ਨਾ ਹੀ ਸਾਂਝੇ ਮੋਰਚੇ ਜਿਹੀ ਕੋਈ ਗੱਲ ਹੈ। ਉਨ੍ਹਾਂ ਕਿਹਾ, 'ਜਦ ਵੀ ਮੈਂ ਯਾਤਰਾ 'ਤੇ ਹੁੰਦਾ ਹਾਂ ਤਾਂ ਮੈਂ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸੜਕਾਂ 'ਤੇ ਖੜਾ ਵੇਖਦਾ ਹਾਂ।

ਤਦ ਮੈਂ ਅਪਣੀ ਕਾਰ ਵਿਚ ਬੈਠਾ ਨਹੀਂ ਰਹਿ ਸਕਦਾ, ਉਨ੍ਹਾਂ ਦੇ ਪਿਆਰ ਨੂੰ ਅਣਡਿੱਠ ਨਹੀਂ ਕਰ ਸਕਦਾ। ਇਸ ਲਈ ਮੈਂ ਬਾਹਰ ਆ ਜਾਂਦਾ ਹੈ ਅਤੇ ਲੋਕਾਂ ਨਾਲ ਜਿੰਨੀ ਗੱਲ ਕਰ ਸਕਦਾ ਹਾਂ, ਕਰਦਾ ਹਾਂ।' ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਹਾਲ ਹੀ ਵਿਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਸਬੰਧ ਵਿਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। (ਏਜੰਸੀ)