ਟਿੱਡੀਆਂ ਦੇ ਸਫ਼ਾਏ ਲਈ ਜੋਧਪੁਰ ਏਅਰਬੇਸ ’ਤੇ ਹੈਲੀਕਾਪਟਰ ਤਾਇਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਆਈ ਅੱਗੇ

File Photo

੍ਵਜੈਪੁਰ, 3 ਜੁਲਾਈ : ਪਾਕਿਸਤਾਨ ਤੋਂ ਆਉਣ ਵਾਲੀਆਂ ਟਿੱਡੀਆਂ ਦੇ ਸਫ਼ਾਏ ਲਈ ਜੋਧਪੁਰ ਏਅਰਬੇਸ ’ਤੇ ਹਵਾਈ ਫ਼ੌਜ ਦਾ ਇਕ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਹੈ। ਇਹ ਟਿੱਡੀ ਦਲਾਂ ਨੂੰ ਹਵਾ ’ਚ ਮਾਰ ਸੁੱਟੇਗਾ। ਇਸ ਨੂੰ ਲੈ ਕੇ ਟਰਾਇਲ ਸ਼ੁਰੂ ਹੋ ਗਿਆ ਹੈ। 
ਟਿੱਡੀਆਂ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਰਾਜਸਥਾਨ ਨੇ ਰਵਾਇਤੀ ਸਰੋਤਾਂ ਨਾਲ ਕੀਟਨਾਸ਼ਕ ਦਾ ਛਿੜਕਾਅ ਕਰਨਾ ਸ਼ੁਰੂ ਕਰ ਦਿਤਾ ਸੀ ਪਰ ਢੁੱਕਵੀਂ ਕਾਮਯਾਬੀ ਨਹੀਂ ਮਿਲੀ। ਹੁਣ ਜੋਧਪੁਰ ਏਅਰਬੇਸ ’ਤੇ ਤਾਇਨਾਤ ਹੋਣ ਵਾਲੇ ਮੋਡੀਫ਼ਾਈਡ ਹੈਲੀਕਾਪਟਰ ਰਾਹੀਂ ਛਿੜਕਾਅ ਸ਼ੁਰੂ ਕਰਨ ਨੂੰ ਲੈ ਕੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਗਏ ਹਨ। 

ਖ਼ਾਸ ਤੌਰ ’ਤੇ ਸੂਬੇ ਦੇ ਸਰਹੱਦੀ ਬਾੜਮੇਰ ਤੇ ਜੈਸਲਮੇਲ ਜ਼ਿਲਿ੍ਹਆਂ ’ਚ ਟਿੱਡੀਆਂ ਦੇ ਜ਼ਿਆਦਾ ਪ੍ਰਕੋਪ ਨੂੰ ਦੇਖਦਿਆਂ ਵਿਸ਼ੇਸ਼ ਯੋਜਨਾ ਬਣਾਈ ਗਈ ਹੈ। ਇਸ ਤਹਿਤ ਟਰਾਇਲ ਵੀ ਸ਼ੁਰੂ ਹੋ ਗਿਆ ਹੈ। ਹੈਲੀਕਾਪਟਰ ਸਿਰਫ਼ 40 ਮਿੰਟ ’ਚ 750 ਹੈਕਟੇਅਰ ਇਲਾਕੇ ’ਚ 800 ਲੀਟਰ ਕੀਟਨਾਸ਼ਕ ਦਾ ਛਿੜਕਾਅ ਦਾ ਕਰ ਸਕੇਗਾ। ਦੋ ਇੰਜਣ ਵਾਲਾ ਇਹ ਹੈਲੀਕਾਪਟਰ ਵੱਧ ਤੋਂ ਵੱਧ 260 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉਡਾਣ ਭਰ ਸਕਦਾ ਹੈ। ਇਸ ’ਚ 4000 ਕਿਲੋਗ੍ਰਾਮ ਭਾਰ ਲਿਜਾਣ ਦੀ ਸਮਰਥਾ ਹੈ।

ਉਧਰ ਸਰਹੱਦ ਦੇ ਨੇੜੇ ਟਿੱਡੀਆਂ ਨੇ ਵੱਡੀ ਗਿਣਤੀ ’ਚ ਆਂਡੇ ਦੇਣੇ ਸ਼ੁਰੂ ਕਰ ਦਿਤੇ ਹਨ। ਇਹ ਸਰਹੱਦ ’ਤੇ ਲੱਗੀਆਂ ਤਾਰਾਂ ਦੇ ਹੇਠੋਂ ਹੋ ਕੇ ਭਾਰਤੀ ਸਰਹੱਦ ’ਚ ਦਾਖ਼ਲ ਹੋ ਰਹੀਆਂ ਹਨ। ਖੇਤੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਟਿੱਡੀਆਂ ਨੂੰ ਕਾਬੂ ਨਾ ਕੀਤਾ ਜਾਂਦਾ ਤਾਂ ਇਨ੍ਹਾਂ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਸਕਦੀ ਹੈ। ਟਿੱਡੀਆਂ ਦੇ ਕੱੁਝ ਦਲ ਪਛਮੀ ਰਾਜਸਥਾਨ ’ਚ ਸਰਗਰਮ ਹਨ।         (ਏਜੰਸੀ)