ਇਕ ਦਿਨ ’ਚ ਰੀਕਾਰਡ 20,903 ਨਵੇਂ ਮਾਮਲੇ, 379 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦਾ ਕਹਿਰ ਜਾਰੀ

Record 20,903 new cases, 379 deaths in one day

ਨਵੀਂ ਦਿੱਲੀ, 3 ਜੁਲਾਈ : ਭਾਰਤ ਵਿਚ ਕੋਵਿਡ-19 ਦੇ ਇਕ ਦਿਨ ਵਿਚ ਰੀਕਾਰਡ 20 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਕੁਲ ਕੇਸਾਂ ਦੀ ਗਿਣਤੀ ਵੱਧ ਕੇ 6254544  ਹੋ ਗਈ ਹੈ। ਇਕ ਦਿਨ ਵਿਚ 379 ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਜਿਸ ਨਾਲ ਬੀਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 18213 ਹੋ ਗਈ।  ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ 20903 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਹੁਣ ਤਕ 379891 ਲੋਕ ਠੀਕ ਹੋ ਚੁਕੇ ਹਨ ਜਦਕਿ ਇਕ ਮਰੀਜ਼ ਦੇਸ਼ ਤੋਂ ਬਾਹਰ ਚਲਾ ਗਿਆ।

227439 ਲੋਕਾਂ ਦਾ ਹਾਲੇ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ ਦੇਸ਼ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 60.73 ਫ਼ੀ ਸਦੀ ਹੈ। ਕੁਲ ਪੁਸ਼ਟ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹੈ। ਕੋਵਿਡ-19 ਦੇ ਇਕ ਜੂਨ ਤੋਂ ਹਾਲੇ ਤਕ 435009 ਮਾਮਲੇ ਸਾਹਮਣੇ ਆਏ ਹਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਨੇ ਦਸਿਆ ਕਿ 2 ਜੁਲਾਈ ਤਕ ਕੁਲ 9297749 ਲੋਕਾਂ ਦੀ ਕੋਵਿਡ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 241576 ਲੋਕਾਂ ਦੀ ਜਾਂਚ ਵੀਰਵਾਰ ਨੂੰ ਕੀਤੀ ਗਈ। ਅੰਕੜਿਆਂ ਮੁਤਾਬਕ ਜਿਹੜੇ 379 ਲੋਕਾਂ ਦੀ ਪਿਛਲੇ 24 ਘੰਟਿਆਂ ਵਿਚ ਜਾਨ ਗਈ ਹੈ, ਉਨ੍ਹਾਂ ਵਿਚੋਂ ਸੱਭ ਤੋਂ ਵੱਧ 125 ਮਹਾਰਾਸ਼ਟਰ ਦੇ ਸਨ।  (ਪੀ.ਟੀ.ਆਈ.)