ਵਿਸਤਾਰਵਾਦ ਦਾ ਯੁੱਗ ਹੁਣ ਖ਼ਤਮ ਹੋ ਗਿਐ ਮੋਦੀ ਦਾ ਚੀਨ ਵਲ ਇਸ਼ਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਦਾਖ਼ ਖੇਤਰ ਨੂੰ 130 ਕਰੋੜ ਭਾਰਤੀਆਂ ਦੇ ਮਾਣ-ਸਨਮਾਨ ਦਾ ਪ੍ਰਤੀਕ ਕਰਾਰ ਦਿੰਦਿਆਂ

PM Modi

ਨਵੀਂ ਦਿੱਲੀ : ਲਦਾਖ਼ ਖੇਤਰ ਨੂੰ 130 ਕਰੋੜ ਭਾਰਤੀਆਂ ਦੇ ਮਾਣ-ਸਨਮਾਨ ਦਾ ਪ੍ਰਤੀਕ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਜਿਹੜੀ ਬਹਾਦਰੀ ਵਿਖਾਈ ਹੈ, ਉਸ ਨਾਲ ਦੁਨੀਆਂ ਨੂੰ ਭਾਰਤ ਦੀ ਤਾਕਤ ਦਾ ਸੁਨੇਹਾ ਮਿਲ ਗਿਆ। ਨਾਲ ਹੀ ਉਨ੍ਹਾਂ ਕਿਸੇ ਦੇਸ਼ ਦਾ ਨਾਮ ਲਏ ਬਿਨਾਂ ਕਿਹਾ ਕਿ ਵਿਸਤਾਰਵਾਦ ਦਾ ਯੁਗ ਖ਼ਤਮ ਹੋ ਗਿਆ ਹੈ ਅਤੇ ਇਹ ਯੁਗ ਵਿਕਾਸਵਾਦ ਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਪਹਾੜੀ ਖੇਤਰ ਵਿਚ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਸੰਬੋਧਤ ਕਰਦਿਆਂ ਇਹ ਗੱਲ ਕਹੀ। ਇਸ ਤੋਂ ਪਹਿਲਾਂ ਮੋਦੀ ਨੇ ਅਚਾਨਕ ਲੇਹ ਪਹੁੰਚ ਕੇ ਉਥੇ ਫ਼ੌਜੀਆਂ ਦਾ ਹੌਸਲਾ ਵਧਾਇਆ। ਭਾਰਤ ਅਤੇ ਚੀਨ ਦੀ ਫ਼ੌਜ ਵਿਚਾਲੇ ਪੂਰਬੀ ਲਦਾਖ਼ ਵਿਚ ਜਾਰੀ ਤਣਾਅ ਵਿਚਾਲੇ ਪ੍ਰਧਾਨ ਮੰਤਰੀ ਦਾ ਇਹ ਦੌਰਾ ਕਾਫ਼ੀ ਅਹਿਮੀਅਤ ਰਖਦਾ ਹੈ।

ਉਨ੍ਹਾਂ ਕਿਹਾ, 'ਕਮਜ਼ੋਰ ਕਦੇ ਸ਼ਾਂਤੀ ਦੀ ਪਹਿਲ ਨਹੀਂ ਕਰ ਸਕਦਾ ਅਤੇ ਬਹਾਦਰੀ ਹੀ ਸ਼ਾਂਤੀ ਦੀ ਪਹਿਲੀ ਸ਼ਰਤ ਹੁੰਦੀ ਹੈ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਲਦਾਖ਼ ਦਾ ਇਹ ਪੂਰਾ ਹਿੱਸਾ ਭਾਰਤ ਦਾ ਮੱਥਾ ਹੈ। 130 ਕਰੋੜ ਭਾਰਤੀਆਂ ਦੇ ਮਾਣ ਸਨਮਾਨ ਦਾ ਪ੍ਰਤੀਕ ਹੈ। ਇਹ ਜ਼ਮੀਨ ਭਾਰਤ ਲਈ ਤਿਆਗ ਕਰਨ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਦੇਸ਼ਭਗਤਾਂ ਦੀ ਧਰਤੀ ਹੈ।

ਉਨ੍ਹਾਂ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹੋਈ ਹਿੰਸਕ ਝੜਪ ਦਾ ਅਸਿੱਧਾ ਜ਼ਿਕਰ ਕਰਦਿਆਂ ਕਿਹਾ, 'ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਜੋ ਬਹਾਦਰੀ ਵਿਖਾਈ ਹੈ, ਉਸ ਨੇ ਪੂਰੀ ਦੁਨੀਆਂ ਨੂੰ ਇਹ ਸੁਨੇਹਾ ਦਿਤਾ ਹੈ ਕਿ ਭਾਰਤ ਦੀ ਤਾਕਤ ਕੀ ਹੈ? ਉਨ੍ਹਾਂ ਕਿਹਾ, 'ਦੇਸ਼ ਦੇ ਬਹਾਦਰ ਜਵਾਨਾਂ ਨੇ ਗਲਵਾਨ ਘਾਟੀ ਵਿਚ ਜੋ ਬਹਾਦਰੀ ਵਿਖਾਈ ਹੈ, ਇਹ ਵੱਡੀ ਮਿਸਾਲ ਹੈ। ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ।' ਉਨ੍ਹਾਂ ਕਿਹਾ, 'ਵਿਸਤਾਰਵਾਦ ਦਾ ਯੁੱਗ ਹੁਣ ਖ਼ਤਮ ਹੋ ਚੁਕਾ ਹੈ। ਇਹ ਯੁਗ ਵਿਕਾਸਵਾਦ ਦਾ ਹੈ।

ਤੇਜ਼ੀ ਨਾਲ ਬਦਲਦੇ ਹੋਏ ਸਮੇਂ ਵਿਚ ਵਿਕਾਸਵਾਦ ਹੀ ਸਾਰਥਕ ਹੈ। ਵਿਕਾਸਵਾਦ ਲਈ ਮੌਕਾ ਹੈ ਅਤੇ ਵਿਕਾਸਵਾਦ ਭਵਿੱਖ ਦਾ ਆਧਾਰ ਵੀ ਹੈ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੀਆਂ ਸ਼ਤਾਬਦੀਆਂ ਵਿਚ ਵਿਸਤਾਰਵਾਦ ਨੇ ਹੀ ਇਨਸਾਨੀਅਤ ਦਾ ਸੱਭ ਤੋਂ ਜ਼ਿਆਦਾ ਨੁਕਸਾਨ ਕੀਤਾ ਅਤੇ ਇਨਸਾਨੀਅਤ ਦੀ ਤਬਾਹੀ ਦਾ ਯਤਨ ਕੀਤਾ। ਉਨ੍ਹਾਂ ਕਿਹਾ, 'ਵਿਸਤਾਰਵਾਦ ਦੀ ਜ਼ਿੱਦ ਕਿਸੇ 'ਤੇ ਸਵਾਰ ਹੋ ਜਾਂਦੀ ਹੈ ਤਾਂ ਉਸ ਨੇ ਹਮੇਸ਼ਾ ਸੰਸਾਰ ਸ਼ਾਂਤੀ ਸਾਹਮਣੇ ਖ਼ਤਰਾ ਪੈਦਾ ਕੀਤਾ ਹੈ ਅਤੇ ਇਹ ਨਾ ਭੁੱਲੋ ਕਿ ਇਹ ਇਤਿਹਾਸ ਗਵਾਹ ਹੈ। ਅਜਿਹੀਆਂ ਤਾਕਤਾਂ ਮਿਟ ਗਈਆਂ Âਨ ਜਾਂ ਮੁੜਨ ਨੂੰ ਮਜਬੂਰ ਹੋ ਗਈ ਹੈ।'

ਮੋਦੀ ਨੇ ਕਿਹਾ, 'ਸੰਸਾਰ ਦਾ ਹਮੇਸ਼ਾ ਇਹੋ ਅਨੁਭਵ ਰਿਹਾ ਹੈ ਅਤੇ ਇਸੇ ਅਨੁਭਵ ਦੇ ਆਧਾਰ 'ਤੇ ਹੁਣ ਇਸ ਵਾਰ ਮੁੜ ਪੂਰੀ ਦੁਨੀਆਂ ਨੇ ਵਿਸਤਾਰਵਾਦ ਵਿਰੁਧ ਮਨ ਬਣਾ ਲਿਆ ਹੈ। ਅੱਜ ਸੰਸਾਰ ਵਿਕਾਸਵਾਦ ਨੂੰ ਸਮਰਪਿਤ ਹੈ ਅਤੇ ਵਿਕਾਸਵਾਦ ਦਾ ਸਵਾਗਤ ਕਰ ਰਿਹਾ ਹੈ।' ਸਿੰਧੂ ਨਦੀ ਦੇ ਤਟ 'ਤੇ 1100 ਫ਼ੁਟ ਦੀ ਉਚਾਈ 'ਤੇ ਪੈਂਦੀ ਨਿਮੂ ਸੱਭ ਤੋਂ ਦੁਰਲੱਭ ਥਾਵਾਂ ਵਿਚੋਂ ਇਕ ਹੈ। ਇਹ ਇਲਾਕਾ ਪਰਬਤ ਲੜੀ ਨਾਲ ਘਿਰਿਆ ਹੋਇਆ ਹੈ। ਪ੍ਰਧਾਨ ਮੰਤਰੀ ਇਥੋਂ ਫ਼ੌਜੀਆਂ ਨੂੰ ਸੰਬੋਧਤ ਕਰ ਰਹੇ ਸੀ। 

ਕੋਈ ਵੀ ਧਿਰ ਸਰਹੱਦ 'ਤੇ ਹਾਲਾਤ ਗੁੰਝਲਦਾਰ ਨਾ ਬਣਾਏ : ਚੀਨ
ਪ੍ਰਧਾਨ ਮੰਤਰੀ ਦੇ ਲਦਾਖ਼ ਦੌਰੇ ਬਾਰੇ ਚੀਨ ਨੇ ਕਿਹਾ ਹੈ ਕਿ ਕਿਸੇ ਵੀ ਧਿਰ ਨੂੰ ਸਰਹੱਦ 'ਤੇ ਹਾਲਾਤ ਨੂੰ ਮੁਸ਼ਕਲ ਨਹੀਂ ਬਣਾਉਣਾ ਚਾਹੀਦਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਉ ਲਿਜੀਯਾਨ ਨੇ ਪੱਤਰਕਾਰਾਂ ਨੂੰ ਕਿਹਾ, 'ਚੀਨ ਅਤੇ ਭਾਰਤ ਫ਼ੌਜੀ ਤੇ ਕੂਟਨੀਤਕ ਤਰੀਕਿਆਂ ਰਾਹੀਂ ਇਕ ਦੂਜੇ ਦੇ ਸੰਪਰਕ ਵਿਚ ਹਨ। ਕਿਸੇ ਵੀ ਧਿਰ ਨੂੰ ਅਜਿਹਾ ਕਦਮ ਨਹੀਂ ਚੁਕਣਾ ਚਾਹੀਦਾ ਜਿਸ ਨਾਲ ਸਰਹੱਦ 'ਤੇ ਹਾਲਾਤ ਹੋਰ ਗੁੰਝਲਦਾਰ ਹੋ ਜਾਣ।