ਦੇਹਰਾਦੂਨ: ਪੁਸ਼ਕਰ ਸਿੰਘ ਧਾਮੀ ਉੱਤਰਾਖੰਡ ਦੇ 11ਵੇਂ ਮੁੱਖ ਮੰਤਰੀ ਹੋਣਗੇ। ਸੂਬਾ ਦਫ਼ਤਰ ’ਚ ਹੋਈ ਭਾਜਪਾ ਵਿਧਾਇਕ ਪਾਰਟੀ ਦੀ ਬੈਠਕ ’ਚ ਧਾਮੀ ਨੂੰ ਨਵਾਂ ਆਗੂ ਚੁਣਿਆ ਗਿਆ। ਉਹ ਤੀਰਥ ਸਿੰਘ ਰਾਵਤ ਦਾ ਸਥਾਨ ਲੈਣਗੇ। ਉਹ ਉਧਮਸਿੰਘ ਨਗਰ ਜ਼ਿਲ੍ਹੇ ਦੀ ਖਟੀਮਾ ਸੀਟ ਤੋਂ ਲਗਾਤਾਰ ਦੋ ਵਾਰ ਵਿਧਾਇਕ ਚੁਣੇ ਗਏ ਹਨ।
ਉਹ ਉਤਰਾਖੰਡ ’ਚ ਹੁਣ ਤਕ ਦੇ ਸੱਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨਗੇ। ਪੁਸ਼ਕਰ ਸਿੰਘ ਧਾਮੀ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣਗੇ। ਭਾਜਪਾ ਦੇ ਸੂਬਾ ਦਫ਼ਤਰ ’ਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਪਾਰਟੀ ਮਾਮਲਿਆਂ ਦੇ ਇੰਚਾਰਜ ਦੁਸ਼ਯੰਤ ਕੁਮਾਰ ਗੌਤਮ ਅਤੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੀ ਮੌਜੂਦਗੀ ’ਚ ਹੋਈ ਪਾਰਟੀ ਵਿਧਾਇਕ ਦਲ ਦੀ ਬੈਠਕ ’ਚ ਉਨ੍ਹਾਂ ਦਾ ਨਾਂ ਸਰਬਸੰਮਤੀ ਨਾਲ ਤੈਅ ਹੋਇਆ।
ਵਿਧਾਇਕ ਦਲ ਦੀ ਬੈਠਕ ਦੇ ਬਾਅਦ ਤੋਮਰ ਨੇ ਦਸਿਆ ਕਿ ਧਾਮੀ ਦੇ ਨਾਂ ਦਾ ਪ੍ਰਸਤਾਵ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਅਤੇ ਪ੍ਰਦੇਸ਼ ਪਾਰਟੀ ਪ੍ਰਧਾਨ ਮਦਨ ਕੌਸ਼ਿਕ ਨੇ ਰਖਿਆ ਜਿਸ ਦਾ ਸਮਰਥਨ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਸਮੇਤ ਕਈ ਵਿਧਾਇਕਾਂ ਨੇ ਕੀਤਾ। ਉਨ੍ਹਾਂ ਦਸਿਆ ਕਿ ਬੈਠਕ ’ਚ ਧਾਮੀ ਨੇ ਇਲਾਵਾ ਕਿਸੇ ਹੋਰ ਦੇ ਨਾਂ ਦਾ ਪ੍ਰਸਤਾਵ ਨਹੀਂ ਰਖਿਆ ਗਿਆ ਜਿਸ ਦੇੇ ਬਾਅਦ ਉਨ੍ਹਾਂ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਲਿਆ ਗਿਆ।