ਉੱਤਰ ਪ੍ਰਦੇਸ਼ 'ਚ ਬੱਸ ਨੂੰ ਲੱਗੀ ਭਿਆਨਕ ਅੱਗ, ਸਵਾਰੀਆਂ ਨੇ ਛਾਲਾਂ ਮਾਰ ਬਚਾਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਗ ਨੂੰ ਵੇਖਦਿਆਂ ਯਾਤਰੀਆਂ ਵਿੱਚ ਪੈ ਗਿਆ ਚੀਕ-ਚਿਹਾੜਾ

Terrible bus fire in Uttar Pradesh, passengers jumped to safety

ਇਟਾਵਾ:  ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਜਸਵੰਤਨਗਰ ’ਚ ਆਗਰਾ ਕਾਨਪੁਰ ਹਾਈਵੇਅ ’ਤੇ ਸਵਾਰੀਆਂ ਨਾਲ ਭਰੀ ਦਿੱਲੀ ਜਾ ਰਹੀ ਪ੍ਰਾਈਵੇਟ ਬੱਸ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਖਬਰ ਮਿਲਣ ਨਾਲ  ਯਾਤਰੀਆਂ ਵਿਚ ਹੜਕੰਪ ਮਚ ਗਿਆ। 

ਬੱਸ ਵਿਚ ਸਵਾਰ ਯਾਤਰੀਆਂ ਨੇ ਸਮਝਦਾਰੀ ਨਾਲ  ਬੱਸ ਵਿਚੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ।  ਜਾਣਕਾਰੀ ਮੁਤਾਬਿਕ ਸ਼ਨੀਵਾਰ ਰਾਤ 2 ਵਜੇ ਦੇ ਕਰੀਬ, ਇੱਕ ਨਿੱਜੀ ਬੱਸ 60 ਯਾਤਰੀਆਂ ਨੂੰ ਲੈ ਕੇ ਆਰਜੇ 27 ਪੀਬੀ 2957 ਹਾਈਵੇ ਤੇ ਦਿੱਲੀ ਵੱਲ ਜਾ ਰਹੀ ਸੀ।

ਭੂਪਤੀ ਰੇਲਵੇ ਕਰਾਸਿੰਗ ਨੇੜੇ ਇਕ ਢਾਬੇ ਦੇ ਸਾਹਮਣੇ ਲੰਘਦਿਆਂ ਹੀ ਬੱਸ ਨੂੰ ਅੱਗ ਲੱਗ ਗਈ। ਅਚਾਨਕ ਲੱਗੀ ਅੱਗ ਨੂੰ ਵੇਖਦਿਆਂ ਯਾਤਰੀਆਂ ਵਿੱਚ ਚੀਕ-ਚਿਹਾੜਾ ਪੈ ਗਿਆ। ਬੱਸ ਨੂੰ ਅੱਗ ਲੱਗਣ ਤੋਂ ਬਾਅਦ ਡਰਾਈਵਰ ਅਤੇ ਕੰਡਕਟਰ ਬੱਸ ’ਚੋਂ ਛਾਲਾਂ ਮਾਰ ਕੇ ਫਰਾਰ ਹੋ ਗਏ।

ਸਵਾਰੀਆਂ ਨੇ ਵੀ ਛੇਤੀ-ਛੇਤੀ ਬੱਸ ’ਚੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ। ਕੁਝ ਇਕ ਨੂੰ ਛੱਡ ਕੇ ਲਗਭਗ ਸਾਰੀਆਂ ਸਵਾਰੀਆਂ ਨੇ ਆਪਣਾ ਸਾਮਾਨ ਵੀ ਸੁਰੱਖਿਅਤ ਬਾਹਰ ਕੱਢ ਲਿਆ। ਅੱਗ ਨੇ ਕੁਝ ਹੀ ਦੇਰ ਵਿਚ ਪੂਰੀ ਬੱਸ ਨੂੰ ਆਪਣੀ ਲਪੇਟ ’ਚ ਲੈ ਲਿਆ।