ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦਾ ਹੱਕ ਪਹਿਲਾਂ PM ਤੇ ਫਿਰ ਸਿੱਖਾਂ ਦਾ ਹੈ - ਸਤਿਆਪਾਲ ਮਲਿਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਅੱਧੀ ਲੜਾਈ ਲੜ ਚੁੱਕੇ ਹਾਂ ਅਤੇ ਅੱਧੀ ਬਾਕੀ ਹੈ

Satyapal Malik

ਪਾਨੀਪਤ  : ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਕਈ ਮੌਕਿਆਂ 'ਤੇ ਮੋਦੀ ਸਰਕਾਰ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹਨ। ਕਿਸਾਨ ਅੰਦੋਲਨ ਹੋਵੇ, ਅਗਨੀਪਥ ਸਕੀਮ ਜਾਂ ਕੋਈ ਹੋਰ। ਇਸ ਵਾਰ ਉਨ੍ਹਾਂ ਨੇ 2021 'ਚ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾਉਣ 'ਤੇ ਟਿੱਪਣੀ ਕੀਤੀ ਹੈ।

ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਦੇ ਝੰਡੇ ਲਗਾਉਣ ਨੂੰ ਜਾਇਜ਼ ਠਹਿਰਾਇਆ ਹੈ। ਮਲਿਕ ਮੁਤਾਬਕ ਗਣਤੰਤਰ ਦਿਵਸ 'ਤੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾਉਣਾ ਗਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੇ ਨਾ ਤਾਂ ਕਿਸੇ ਪਾਰਟੀ ਦਾ ਝੰਡਾ ਲਹਿਰਾਇਆ ਸੀ ਅਤੇ ਨਾ ਹੀ ਇਹ ਝੰਡਾ ਜਿੱਥੇ ਪ੍ਰਧਾਨ ਮੰਤਰੀ ਲਹਿਰਾਉਂਦੇ ਹਨ, ਉਥੇ ਹੀ ਲਹਿਰਾਇਆ ਸੀ, ਸਗੋਂ ਉਨ੍ਹਾਂ ਨੂੰ ਦੇਸ਼ ਧ੍ਰੋਹ ਦੀ ਕਾਰਵਾਈ ਦੱਸਿਆ ਗਿਆ ਸੀ। ਪਾਨੀਪਤ 'ਚ ਇਕ ਪ੍ਰੋਗਰਾਮ ਦੌਰਾਨ ਮਲਿਕ ਨੇ ਕਿਹਾ ਕਿ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦਾ ਸਭ ਤੋਂ ਪਹਿਲਾਂ ਅਧਿਕਾਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਹੈ ਪਰ ਉਸ ਤੋਂ ਬਾਅਦ ਜੇਕਰ ਕਿਸੇ ਨੂੰ ਹੱਕ ਹੈ ਤਾਂ ਉਹ ਸਿੱਖਾਂ ਅਤੇ ਅਸੀਂ (ਜਾਟਾਂ) ਦਾ ਹੈ।

ਪਾਨੀਪਤ ਦੇ ਮਤਲੌਦਾ ਸਥਿਤ ਤਿਰਖੁ ਤੀਰਥ 'ਤੇ ਸੰਯੁਕਤ ਕਿਸਾਨ ਸੰਘਰਸ਼ ਸਮਿਤੀ ਦੀ ਤਰਫੋਂ ਰਾਜਪਾਲ ਸੱਤਿਆ ਪਾਲ ਮਲਿਕ ਦਾ ਸਨਮਾਨ ਸਮਾਗਮ ਕਰਵਾਇਆ ਗਿਆ। ਉਥੇ ਉਹ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸਾਨ ਅੱਧੀ ਲੜਾਈ ਲੜ ਚੁੱਕੇ ਹਨ, ਪਰ ਅੱਧੀ ਅਜੇ ਬਾਕੀ ਹੈ। ਜਦੋਂ ਤੱਕ ਘੱਟੋ-ਘੱਟ ਸਮਰਥਨ ਮੁੱਲ ਯਾਨੀ MSP ਗਾਰੰਟੀ ਕਾਨੂੰਨ ਨਹੀਂ ਬਣ ਜਾਂਦਾ, ਕਿਸਾਨਾਂ ਦੀ ਆਮਦਨ ਵਧਾਉਣ ਦੇ ਦਾਅਵੇ ਫੋਕੇ ਹੀ ਰਹਿਣਗੇ।

ਇਸ ਤੋਂ ਇਲਾਵਾ ਰਾਜਪਾਲ ਸਤਿਆਪਾਲ ਮਲਿਕ ਨੇ ਫੌਜ ਦੀ ਭਰਤੀ ਯੋਜਨਾ ਅਗਨੀਪਥ ਯੋਜਨਾ ਦਾ ਵੀ ਖੁੱਲ੍ਹ ਕੇ ਵਿਰੋਧ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਾਗਪਤ 'ਚ ਕਿਹਾ ਸੀ ਕਿ ਇਹ ਯੋਜਨਾ ਜਵਾਨਾਂ ਦੇ ਖਿਲਾਫ ਹੈ। ਇਹ ਉਨ੍ਹਾਂ ਦੀਆਂ ਉਮੀਦਾਂ ਨਾਲ ਧੋਖਾ ਹੈ। 6 ਮਹੀਨੇ ਦੀ ਟ੍ਰੇਨਿੰਗ, 6 ਮਹੀਨੇ ਦੀ ਛੁੱਟੀ ਅਤੇ 3 ਸਾਲ ਦੀ ਸਰਵਿਸ ਤੋਂ ਬਾਅਦ ਜਦੋਂ ਜਵਾਨ ਘਰ ਪਰਤਿਆ ਤਾਂ ਉਸ ਦਾ ਵਿਆਹ ਵੀ ਨਹੀਂ ਹੋਵੇਗਾ।