ਵਾਲ ਕਟਵਾਉਣ ਗਏ ਬਾਊਂਸਰ ’ਤੇ ਨਾਈ ਨੇ ਕੀਤਾ ਚਾਕੂ-ਕੈਂਚੀ ਨਾਲ ਹਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਬਾਅਦ ਉਹ 50 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਕੇ ਉਥੋਂ ਫਰਾਰ ਹੋ ਗਿਆ

photo

 

ਪਾਣੀਪਤ : ਹਰਿਆਣਾ ਦੇ ਪਾਣੀਪਤ ਸ਼ਹਿਰ ਦੀ ਨਲਵਾ ਕਲੋਨੀ 'ਚ ਨਾਈ ਦੀ ਦੁਕਾਨ 'ਤੇ ਵਾਲ ਕਟਵਾਉਣ ਗਏ ਬਾਊਂਸਰ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਦਰਅਸਲ, ਨਾਈ ਨੇ ਬਾਊਂਸਰ ਤੋਂ ਫੋਨ ਮੰਗਿਆ ਸੀ। ਉਸ ਨੇ ਦੇਣ ਤੋਂ ਇਨਕਾਰ ਕਰ ਦਿਤਾ। ਇਸ ਤੋਂ ਬਾਅਦ ਵਾਲ ਕੱਟਣ ਦੇ ਬਹਾਨੇ ਉਸ ਨੇ ਉਸ ਦੀ ਗਰਦਨ ਨੀਵੀਂ ਕਰ ਦਿਤੀ ਅਤੇ ਪਿੱਛੇ ਤੋਂ ਨਾਈ ਸਮੇਤ ਤਿੰਨਾਂ ਨੇ ਉਸ 'ਤੇ ਚਾਕੂ ਅਤੇ ਕੈਂਚੀ ਨਾਲ ਹਮਲਾ ਕਰ ਦਿਤਾ।

ਇਸ ਤੋਂ ਬਾਅਦ ਉਹ 50 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਕੇ ਉਥੋਂ ਫਰਾਰ ਹੋ ਗਿਆ। ਉਸ ਦਾ ਦੋਸਤ ਖੂਨ ਨਾਲ ਲੱਥਪੱਥ ਹਾਲਤ 'ਚ ਜ਼ਖ਼ਮੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਿਆ। ਜਿੱਥੋਂ ਪ੍ਰਵਾਰ ਵਾਲੇ ਉਸ ਨੂੰ ਨਿੱਜੀ ਹਸਪਤਾਲ ਲੈ ਗਏ ਹਨ। ਇਕ ਨਿੱਜੀ ਹਸਪਤਾਲ ਵਿਚ ਸੋਮਵਾਰ ਦੁਪਹਿਰ ਨੂੰ ਹੋਸ਼ ਆਉਣ 'ਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਹੈ। ਅਪਰੇਸ਼ਨ ਦੌਰਾਨ ਜ਼ਖ਼ਮੀ ਦੇ ਸਿਰ ਤੋਂ ਕੈਂਚੀ ਦਾ ਟੁਕੜਾ ਵੀ ਮਿਲਿਆ ਹੈ।

ਚਾਂਦਨੀਬਾਗ ਥਾਣੇ ਨੂੰ ਦਿਤੀ ਸ਼ਿਕਾਇਤ ਵਿਚ ਰਾਹੁਲ ਨੇ ਦਸਿਆ ਕਿ ਉਹ ਪਿੰਡ ਡੁੰਦੂਖੇੜਾ, ਜ਼ਿਲ੍ਹਾ ਸ਼ਾਮਲੀ (ਯੂ.ਪੀ.) ਦਾ ਰਹਿਣ ਵਾਲਾ ਹੈ। ਉਹ ਪਾਣੀਪਤ ਟੀਡੀਆਈ ਸੁਸਾਇਟੀ ਵਿਚ ਬਾਊਂਸਰ ਵਜੋਂ ਕੰਮ ਕਰ ਰਿਹਾ ਹੈ। 28 ਜੂਨ ਨੂੰ ਰਾਤ 8 ਵਜੇ ਉਹ ਉਝਾ ਰੋਡ ਸਥਿਤ ਨਲਵਾ ਕਲੋਨੀ ਸਥਿਤ ਅਜੈ ਉਰਫ ਕਾਲਾ ਕੋਲ ਕਟਿੰਗ ਕਰਵਾਉਣ ਗਿਆ ਸੀ।

ਜਿੱਥੇ ਅਜੈ ਨੇ ਇਹ ਕਹਿ ਕੇ ਉਸ ਦਾ ਫ਼ੋਨ ਮੰਗਿਆ ਕਿ ਉਸ ਨੇ ਫ਼ੋਨ ਕਰਨਾ ਹੈ। ਰਾਹੁਲ ਨੇ ਫ਼ੋਨ ਦੇਣ ਤੋਂ ਇਨਕਾਰ ਕਰ ਦਿਤਾ। ਜਦੋਂ ਉਹ ਕਟਿੰਗ ਕਰਵਾਉਣ ਲਈ ਕੁਰਸੀ 'ਤੇ ਬੈਠਾ ਤਾਂ ਅਜੈ ਨੇ ਉਸ ਨੂੰ ਪਿੱਛੇ ਤੋਂ ਫੜ ਲਿਆ। ਉਥੇ ਪਹਿਲਾਂ ਤੋਂ ਮੌਜੂਦ ਵਿਸ਼ਨੂੰ ਨੇ ਆਪਣੀ ਜੇਬ 'ਚੋਂ ਚਾਕੂ ਕੱਢ ਕੇ ਉਸ 'ਤੇ ਹਮਲਾ ਕਰ ਦਿਤਾ।
ਇਸ ਤੋਂ ਇਲਾਵਾ ਨਾਨੂ ਨੇ ਕੈਂਚੀ ਨਾਲ ਉਸ ਦੇ ਸਿਰ 'ਤੇ ਵਾਰ ਕੀਤਾ। ਵਿਸ਼ਨੂੰ ਨੇ ਉਸ ਦੇ ਸਿਰ 'ਤੇ, ਖੱਬੇ ਪਾਸੇ ਹੱਥ 'ਚ ਤੇਜ਼ਧਾਰ ਚਾਕੂ ਨਾਲ ਹਮਲਾ ਕਰ ਦਿਤਾ। ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ’ਤੇ ਹਮਲਾ ਕਰ ਰਹੇ ਸਨ।

ਜਦੋਂ ਉਸ ਨੇ ਰੌਲਾ ਪਾਇਆ ਤਾਂ ਤਿੰਨੋਂ ਮੁਲਜ਼ਮ ਉਸ ਨੂੰ ਲਹੂ-ਲੁਹਾਨ ਹਾਲਤ ਵਿਚ ਛੱਡ ਕੇ ਉਸ ਦੀ ਜੇਬ ਵਿਚੋਂ 50 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ। ਜ਼ਖ਼ਮੀ ਦੇ ਦੋਸਤ ਆਸਿਫ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ।