ਨਾਜਾਇਜ਼ ਹਥਿਆਰਾਂ ਲੈ ਕੇ ਜਾ ਰਹੇ ਦੋ ਪੰਜਾਬੀ ਦਿੱਲੀ ’ਚ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

6 ਨਾਜਾਇਜ਼ ਪਿਸਤੌਲਾਂ ਅਤੇ 5 ਮੈਗਜ਼ੀਨਾਂ ਬਰਾਮਦ

representative

ਨਵੀਂ ਦਿੱਲੀ: ਪੰਜਾਬ ਦੇ ਦੋ ਨੌਜੁਆਨਾਂ ਨੂੰ ਛੇ ਪਿਸਤੌਲਾਂ ਅਤੇ ਪੰਜ ਮੈਗਜ਼ੀਨਾਂ ਸਮੇਤ ਦਿੱਲੀ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਦੋਵੇਂ ਮੁਲਜ਼ਮ ਇਹ ਹਥਿਆਰ ਮੱਧ ਪ੍ਰਦੇਸ਼ ਦੇ ਖਾਰਗੌਨ ਤੋਂ ਖ਼ਰੀਦ ਕੇ ਲਿਆਏ ਸਨ।

ਮੁਲਜ਼ਮਾਂ ਦੀ ਪਛਾਣ 34 ਸਾਲਾਂ ਦੇ ਹਰਪ੍ਰੀਤ ਸਿੰਘ ਅਤੇ 25 ਸਾਲਾਂ ਦੇ ਸੰਨੀ ਵਜੋਂ ਹੋਈ ਹੈ। ਦੋਵੇਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਾਸੀ ਹਨ। ਦੋਹਾਂ ਨੂੰ 2 ਜੁਲਾਈ ਨੂੰ ਬਾਹਰੀ ਦਿੱਲੀ ਦੇ ਮੁਬਾਰਕ ਚੌਕ ’ਚ ਲੱਗੇ ਇਕ ਨਾਕੇ ਦੌਰਾਨ ਫੜਿਆ ਗਿਆ ਸੀ।

ਇਹ ਵੀ ਪੜ੍ਹੋ:  ਬਿਜਲੀ ਮੰਤਰੀ ਵਲੋਂ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਦੌਰਾ, ਇਕ ਯੂਨਿਟ ਵਲੋਂ ਉਤਪਾਦਨ ਸ਼ੁਰੂ

ਬਾਹਰੀ ਉੱਤਰੀ ਦਿੱਲੀ ਦੇ ਪੁਲਿਸ ਡਿਪਟੀ ਕਮਿਸ਼ਨਰ ਰਵੀ ਕੁਮਾਰ ਸਿੰਘ ਨੇ ਕਿਹਾ, ‘‘ਜੋ ਬੈਗ ਉਹ ਲੈ ਕੇ ਜਾ ਰਹੇ ਸਨ ਉਸ ’ਚ ਛੇ ਪਿਸਤੌਲਾਂ ਅਤੇ ਪੰਜ ਵਾਧੂ ਮੈਗਜ਼ੀਨਾਂ ਸਨ। ਆਈ.ਪੀ.ਸੀ. ਦੀਆਂ ਸਬੰਧਤ ਧਾਰਾਵਾਂ ਹੇਠ ਸਮਯਪੁਰ ਬਦਲੀ ਪੁਲਿਸ ਸਟੇਸ਼ਨ ’ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਿਆ ਹੈ।’’

ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਦਸਿਆ ਕਿ ਉਨ੍ਹਾਂ ਨੇ ਲੁਧਿਆਣਾ ਵਾਸੀ ਜਤਿਨ ਉਰਫ਼ ਬੌਕਸਰ ਦੀਆਂ ਹਦਾਇਤਾਂ ’ਤੇ ਇਹ ਹਥਿਆਰ ਮੱਧ ਪ੍ਰਦੇਸ਼ ਦੇ ਜ਼ਿਲ੍ਹੇ ਖਾਰਗੌਨ ਦੇ ਪਿੰਡ ਬੀਲਾਲੀ ਦੇ ਇਕ ਅਣਪਛਾਤੇ ਬੰਦੇ ਤੋਂ ਪ੍ਰਾਪਤ ਕੀਤੇ ਸਨ। ਡੀ.ਸੀ.ਪੀ. ਨੇ ਕਿਹਾ, ‘‘ਉਨ੍ਹਾਂ ਨੇ ਇਹ ਹਥਿਆਰ ਜਾ ਕੇ ਜਤਿਨ ਨੂੰ ਦੇਣੇ ਸਨ। ਹਾਲਾਂਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਬਾਕੀ ਮੁਲਜ਼ਮਾਂ ਨੂੰ ਵੀ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।’’