ਮੁੰਬਈ ਦੀ ਜਵੈਲਰ ਕੰਪਨੀ ਨੇ SBI ਨੂੰ ਲਗਾਇਆ 387 ਕਰੋੜ ਦਾ ਚੂਨਾ, ਕੇਸ ਦਰਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਗੜਬੜੀ 10 ਸਤੰਬਰ 2014 ਦੀ ਫੋਰੈਂਸਿਕ ਆਡਿਟ ਰਿਪੋਰਟ ਅਤੇ 19 ਮਈ 2018 ਦੀ ਫੋਰਡਜ਼ ਐਂਗਲ ਪ੍ਰੀਖਿਆ ਰਿਪੋਰਟ ਵਿਚ ਸਾਹਮਣੇ ਆਈ ਹੈ

SBI

ਨਵੀਂ ਦਿੱਲੀ - ਕੇਂਦਰੀ ਜਾਂਚ ਬਿਊਰੋ (CBI) ਨੇ ਮੁੰਬਈ ਦੀ ਜਵੈਲਰ ਟਰੇਡਿੰਗ ਕੰਪਨੀ ਅਤੇ ਇਸਦੇ ਡਾਇਰੈਕਟਰ ਅਮ੍ਰਿਤ ਲਾਲ ਜੈਨ, ਰਿਤੇਸ਼ ਜੈਨ ਵਿਰੁੱਧ ਸਟੇਟ ਬੈਂਕ ਆਫ਼ ਇੰਡੀਆ ਨਾਲ 387 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਕੇਸ ਦਰਜ ਕੀਤਾ ਹੈ। ਐਸਬੀਆਈ ਨੇ ਆਪਣੀ ਸ਼ਿਕਾਇਤ ਵਿਚ ਧੋਖਾਧੜੀ ਬਾਰੇ ਮੁੰਬਈ ਪੁਲਿਸ, ਸੀਬੀਆਈ ਅਤੇ ਐਂਟੀ ਕੁਰੱਪਸ਼ਨ ਬ੍ਰਾਂਚ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ।

ਸ਼ਿਕਾਇਤ ਵਿਚ ਅਮ੍ਰਿਤ ਲਾਲ ਜੈਨ ਅਤੇ ਰਿਤੇਸ਼ ਜੈਨ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਦਾ ਨਾਮ ਵੀ ਦਰਜ ਹੈ। ਇਹ ਗੜਬੜੀ 10 ਸਤੰਬਰ 2014 ਦੀ ਫੋਰੈਂਸਿਕ ਆਡਿਟ ਰਿਪੋਰਟ ਅਤੇ 19 ਮਈ 2018 ਦੀ ਫੋਰਡਜ਼ ਐਂਗਲ ਪ੍ਰੀਖਿਆ ਰਿਪੋਰਟ ਵਿਚ ਸਾਹਮਣੇ ਆਈ ਹੈ। ਧੋਖਾਧੜੀ ਮੁੰਬਈ ਵਿਚ 2011 ਤੋਂ 2015 ਦੇ ਵਿਚਕਾਰ ਕੀਤੀ ਗਈ ਸੀ।

ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਦੋਸ਼ੀ ਵਿਅਕਤੀਆਂ ਨੇ ਖਾਤਿਆਂ ਨਾਲ ਗੈਰ ਕਾਨੂੰਨੀ ਢੰਗ ਨਾਲ ਛੇੜਛਾੜ ਕੀਤੀ ਅਤੇ ਬੈਂਕ ਫੰਡ ਹਾਸਲ ਕਰਨ ਲਈ ਜਾਅਲੀ ਦਸਤਾਵੇਜ਼ ਪੇਸ਼ ਕੀਤੇ। ਹੀਰਾ ਵਪਾਰੀ ਅਤੇ ਓਰੋ ਗੋਲਡ ਜਵੈਲਰ ਕੰਪਨੀ ਦੇ ਮਾਲਕ ਰਿਤੇਸ਼ ਜੈਨ ਸ਼ੇਲ ਕੰਪਨੀਆਂ ਦੇ ਜਰੀਏ 1,478 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦੇ ਕੇਸਾਂ ਦੇ ਮੁੱਖ ਆਰੋਪੀ ਹਨ। ਮਾਰਚ ਵਿਚ ਮੁੰਬਈ ਪੁਲਿਸ ਨੇ ਉਸ ਨੂੰ ਦੁਬਈ ਤੋਂ ਪਰਤਦਿਆਂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤਾ ਸੀ। ਜੈਨ 2016 ਤੋਂ ਹੀ ਭੱਜ ਰਿਹਾ ਹੈ। 

ਇਸ ਦੇ ਨਾਲ ਹੀ ਦੱਸ ਦਈਏ ਕਿ ਅਪ੍ਰੈਲ ਤੋਂ ਜੂਨ ਵਿਚਕਾਰ ਭਾਰਤੀ ਸਟੇਟ ਬੈਂਕ ਦਾ ਲਾਭ 81 ਫੀਸਦੀ ਵਧ ਗਿਆ ਹੈ। ਇਹ ਜਾਣਕਾਰੀ ਖੁਦ ਐਸਬੀਆਈ ਨੇ ਦਿੱਤੀ ਸੀ। ਬੈਂਕ ਮੁਤਾਬਕ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿਚ ਮੁਨਾਫ਼ਾ 4,189.34 ਕਰੋੜ ਰੁਪਏ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਬੈਂਕ ਨੇ 2,312.02 ਕਰੋੜ ਰੁਪਏ ਦਾ ਲਾਭ ਕਮਾਇਆ ਸੀ। ਤਿਮਾਹੀ ਦੌਰਾਨ ਐਸਬੀਆਈ ਦੀ ਕੁੱਲ ਆਮਦਨ ਵਧ ਕੇ 74,257.86 ਕਰੋੜ ਰੁਪਏ ‘ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਵਿਚ 70,653.23  ਕਰੋੜ ਰੁਪਏ ਰਹੀ ਸੀ।

ਦਰਅਸਲ ਡੁੱਬਿਆ ਕਰਜ਼ਾ ਘਟਣ ਨਾਲ ਬੈਂਕ ਦਾ ਲਾਭ ਵਧਿਆ ਹੈ। ਪਹਿਲੀ ਤਿਮਾਹੀ ਦੌਰਾਨ ਬੈਂਕ ਦੀ ਐਨਪੀਏ ਘਟ ਕੇ 5.44 ਪ੍ਰਤੀਸ਼ਤ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਵਿਚ 7.53 ਫੀਸਦੀ ਸੀ। ਐਸਬੀਆਈ ਦੇ ਤਿਮਾਹੀ ਨਤੀਜਿਆਂ ਵਿਚ ਮੁਨਾਫ਼ੇ ਤੋਂ ਬਾਅਦ ਬੈਂਕ ਦੇ ਸ਼ੇਅਰ ਵਿਚ ਰੌਣਕ ਦੇਖਣ ਨੂੰ ਮਿਲੀ ਹੈ। ਕਾਰੋਬਾਰ ਦੇ ਅੰਤ ਵਿਚ ਐਸਬੀਆਈ ਦੇ ਸ਼ੇਅਰ 191.45 ਰੁਪਏ ਦੀ ਕੀਮਤ ‘ਤੇ ਬੰਦ ਹੋਏ। ਪਿਛਲੇ ਕਾਰੋਬਾਰੀ ਦਿਨ ਦੇ ਮੁਕਾਬਲੇ 2.63 ਫੀਸਦੀ ਦਾ ਵਾਧਾ ਹੈ। 

ਰਿਜ਼ਰਵ ਬੈਂਕ ਦੇ ਅਨੁਮਾਨ ਮੁਤਾਬਕ ਮਾਰਚ 2021 ਤੱਕ ਬੈਂਕਾਂ ਦਾ ਬੈਡ ਲੋਨ ਯਾਨੀ ਐਨਪੀਏ 8.5 ਫੀਸਦੀ ਤੋਂ ਵਧ ਕੇ 12.5 ਫੀਸਦੀ ਹੋ ਸਕਦਾ ਹੈ। ਆਰਬੀਆਈ ਦੀ ਵਿੱਤੀ ਸਥਿਰਤਾ ਰਿਪੋਰਟ (Financial Stability Report) ਮੁਤਾਬਕ ਗ੍ਰਾਸ ਐਨਪੀਏ ਵਿਚ ਇਜ਼ਾਫਾ ਹੋਵੇਗਾ ਅਤੇ ਇਹ ਵਧ ਕੇ 14.7 ਫੀਸਦੀ ਤੱਕ ਜਾ ਸਕਦਾ ਹੈ।