ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਗ਼ਨੀ ਨੇ ਸੁਰੱਖਿਆ ਹਾਲਾਤ ਬਾਰੇ ਕੀਤੀ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਰਿੰਦਰ ਮੋਦੀ ਅਤੇ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਖੇਤਰ ਵਿਚ ਉਭਰਦੀ ਸੁਰੱਖਿਆ ਸਥਿਤੀ ਅਤੇ ਦੁਵੱਲੇ ਹਿਤਾਂ ਨਾਲ ਜੁੜੇ ਮੁੱÎਦਿਆਂ 'ਤੇ ਚਰਚਾ ਕੀਤੀ

PM Modi

ਨਵੀਂ ਦਿੱਲੀ, 3 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਖੇਤਰ ਵਿਚ ਉਭਰਦੀ ਸੁਰੱਖਿਆ ਸਥਿਤੀ ਅਤੇ ਦੁਵੱਲੇ ਹਿਤਾਂ ਨਾਲ ਜੁੜੇ ਮੁੱÎਦਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਦੇ ਬਿਆਨ ਮੁਤਾਬਕ ਦੋਹਾਂ ਆਗੂਆਂ ਨੇ ਟੈਲੀਫ਼ੋਨ 'ਤੇ ਹੋਈ ਗੱਲਬਾਤ ਵਿਚ ਇਕ ਦੂਜੇ ਨੂੰ ਈਦ ਦੀਆਂ ਸ਼ੁਭਕਾਮਨਾਵਾਂ ਵੀ ਦਿਤੀਆਂ। ਗਨੀ ਨੇ ਅਫ਼ਗ਼ਾਨਿਸਤਾਨ ਦੀਆਂ ਲੋੜਾਂ ਦੀ ਪੂਰਤੀ ਲਈ ਸਹੀ ਸਮੇਂ 'ਤੇ ਖਾਧ ਅਤੇ ਇਲਾਜ ਸਹਾਇਤਾ ਦੀ ਸਪਲਾਈ ਕਰਨ ਲਈ ਪ੍ਰਧਾਨ ਮੰਤਰੀ ਦਾ ਧਨਵਾਦ ਕੀਤਾ। ਬਿਆਨ ਮੁਤਾਬਕ ਮੋਦੀ ਨੇ ਸ਼ਾਂਤਮਈ ਅਤੇ ਖ਼ੁਸ਼ਹਾਲ ਅਫ਼ਗ਼ਾਨਿਸਤਾਨ ਚਾਹ ਰਹੇ ਅਫ਼ਗ਼ਾਨੀ ਲੋਕਾਂ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ। ਬਿਆਨ ਵਿਚ ਕਿਹਾ ਗਿਆ, 'ਦੋਹਾਂ ਆਗੂਆਂ ਨੇ ਇਸ ਖੇਤਰ ਵਿਚ ਉਭਰਦੇ ਸੁਰੱਖਿਆ ਹਾਲਾਤ ਤੋਂ ਇਲਾਵਾ ਆਪਸੀ ਦੁਵੱਲੇ ਹਿਤਾਂ ਵਾਲੇ ਹੋਰ ਖੇਤਰਾਂ ਬਾਰੇ ਵੀ ਵਿਚਾਰ-ਚਰਚਾ ਕੀਤੀ।' ਦੋਹਾਂ ਆਗੂਆਂ ਦੀ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦ ਪੂਰਬੀ ਅਫ਼ਗ਼ਾਨਿਸਤਾਨ ਦੇ ਨੰਗਰਹਾਰ ਸੂਬੇ ਦੀ ਜੇਲ 'ਤੇ ਸੋਮਵਾਰ ਨੂੰ ਅਤਿਵਾਦੀ ਧੜੇ ਇਸਲਾਮਿਕ ਸਟੇਟ ਨੇ ਹਮਲਾ ਕਰ ਦਿਤਾ। ਹਮਲੇ ਵਿਚ ਹੁਣ ਤਕ 29 ਜਣੇ ਮਾਰੇ ਜਾ ਚੁਕੇ ਹਨ। ਜੇਲ ਵਿਚ ਇਸ ਜਥੇਬੰਦੀ ਦੇ ਸੈਂਕੜੇ ਮੈਂਬਰ ਬੰਦ ਹਨ।  

ਕੋਰੋਨਾ ਮਾਮਲੇ : ਰਾਹੁਲ ਨੇ ਮੋਦੀ 'ਤੇ ਕੀਤਾ ਵਿਅੰਗ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਜ਼ਾ ਟਿਪਣੀ ਲਈ ਉਨ੍ਹਾਂ 'ਤੇ ਵਿਅੰਗ ਕੀਤਾ। ਉਨ੍ਹਾਂ 24 ਘੰਟਿਆਂ ਵਿਚ ਸੱਭ ਤੋਂ ਵੱਧ ਮਾਮਲੇ ਭਾਰਤ ਵਿਚ ਸਾਹਮਣੇ ਆਉਣ ਨਾਲ ਜੁੜਿਆ ਗਰਾਫ਼ ਸਾਂਝਾ ਕੀਤਾ ਅਤੇ ਵਿਅੰਗ ਭਰੇ ਲਫ਼ਜ਼ਾਂ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੁਤਾਬਕ ਸਹੀ ਸਮੇਂ'ਤੇ ਸਹੀ ਫ਼ੈਸਲੇ ਕਰਨ ਕਰ ਕੇ ਕੋਰੋਨਾ ਦੇ ਮਾਮਲੇ ਵਿਚ ਭਾਰਤੀ ਦੀ ਹਾਲਤ ਹੋਰ ਦੇਸ਼ਾਂ ਮੁਕਾਬਲੇ ਸੰਭਲੀ ਹੋਈ ਹੈ। ਪ੍ਰਧਾਨ ਮੰਤਰੀ ਨੇ 27 ਜੁਲਾਈ ਇਹ ਗੱਲ ਆਖੀ ਸੀ। ਉਨ੍ਹਾਂ ਕਿਹਾ ਸੀ ਕਿ ਅੱਜ ਭਾਰਤ ਵਿਚ ਪੰਜ ਲੱਖ ਤੋਂ ਵੱਧ ਟੈਸਟ ਹਰ ਰੋਜ਼ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਹਫ਼ਤਿਆਂ ਵਿਚ ਇਸ ਨੂੰ 10 ਲੱਖ ਪ੍ਰਤੀ ਦਿਨ ਕਰਨ ਦੀ ਕੋਸ਼ਿਸ਼ ਹੈ। ਪ੍ਰਧਾਨ ਮੰਤਰੀ ਨੇ ਵੀਡੀਉ ਕਾਨਫ਼ਰੰਸ ਵਿਚ ਨੋਇਡਾ, ਮੁੰਬਈ ਅਤੇ ਕੋਲਕਾਤਾ ਵਿਚ ਉੱਚ ਸਮਰੱਥਾ ਵਾਲੀਆਂ ਕੋਵਿਡ-19 ਸਹੂਲਤਾਂ ਦਾ ਸ਼ੁਰੂਆਤ ਕਰਨ ਸਮੇਂ ਇਹ ਗੱਲ ਕਹੀਆਂ ਸਨ।