ਸੁਸ਼ਾਂਤ ਖ਼ੁਦਕੁਸ਼ੀ ਮਾਮਲਾ:ਮੁੰਬਈ ਵਿਚ ਜਾਂਚ ਕਰਨ ਗਏ ਬਿਹਾਰ ਦੇ ਆਈਪੀਐਸ ਅਧਿਕਾਰੀ ਨੂੰ ਇਕਾਂਤਵਾਸ....

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਿਯਮਾਂ ਮੁਤਾਬਕ ਪੁਲਿਸ ਅਧਿਕਾਰੀ ਨੂੰ ਅਲੱਗ ਕੀਤਾ ਗਿਆ : ਨਗਰ ਨਿਗਮ

File Photo

ਮੁੰਬਈ, 3 ਅਗੱਸਤ : ਪਟਨਾ ਸਿਟੀ ਦੇ ਪੁਲਿਸ ਮੁਖੀ ਵਿਨੇ ਤਿਵਾੜੀ ਦੇ ਮੁੰਬਈ ਪਹੁੰਚਣ 'ਤੇ ਬੰਬੇ ਨਗਰ ਨਿਗਮ ਨੇ ਉਨ੍ਹਾਂ ਨੂੰ 15 ਅਗੱਸਤ ਤਕ ਇਕਾਂਤਵਾਸ ਕੇਂਦਰ ਵਿਚ ਭੇਜ ਦਿਤਾ ਅਤੇ ਹੱਥ 'ਤੇ ਮੋਹਰ ਲਾ ਦਿਤੀ। ਉਹ ਸੁਸ਼ਾਂਤ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਸਬੰਧੀ ਕਲ ਰਾਤ ਇਥੇ ਆਏ ਸਨ। ਨਗਰ ਨਿਗਮ ਨੇ ਕਿਹਾ ਕਿ ਪੁਲਿਸ ਅਧਿਕਾਰੀ ਨੂੰ ਮਹਾਰਾਸ਼ਟਰ ਸਰਕਾਰ ਦੇ ਨਿਯਮਾਂ ਤਹਿਤ ਹੀ ਇਕਾਂਤਵਾਸ ਕੇਂਦਰ ਵਿਚ ਭੇਜਿਆ ਗਿਆ ਹੈ।

ਤਿਵਾੜੀ 14 ਦਿਨਾਂ ਲਈ ਰਾਜ ਰਿਜ਼ਰਵ ਪੁਲਿਸ ਫ਼ੋਰਸ ਦੇ ਮਹਿਮਾਨ ਘਰ ਵਿਚ ਠਹਿਰਨਗੇ। ਬਿਹਾਰ ਦੇ ਪੁਲਿਸ ਮੁਖੀ ਗੁਪਤੇਸ਼ਵਰ ਪਾਂਡੇ ਨੇ ਕਲ ਦੋਸ਼ ਲਾਇਆ ਸੀ ਕਿ ਤਿਵਾੜੀ ਨੂੰ ਅਧਿਕਾਰੀਆਂ ਨੇ ਜ਼ਬਰਦਸਤੀ ਇਕਾਂਤਵਾਸ ਕੇਂਦਰ ਵਿਚ ਭੇਜਿਆ ਹੈ। ਨਗਰ ਨਿਗਮ ਨੇ 25 ਮਈ ਦੇ ਮਹਾਰਾਸ਼ਟਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਘਰੇਲੂ ਯਾਤਰੀਆਂ ਨੂੰ ਇਕਾਂਤਵਾਸ ਕੇਂਦਰ ਵਿਚ ਭੇਜੇ ਜਾਣ ਦਾ ਨਿਯਮ ਹੈ। ਤਿਵਾੜੀ ਨੇ ਐਤਵਾਰ ਨੂੰ ਮੁੰਬਈ ਹਵਾਈ ਅੱਡੇ 'ਤੇ ਪਹੁੰਚਣ ਮਗਰੋਂ ਕਿਹਾ ਕਿ ਉਹ ਅਪਣੀ ਟੀਮ ਦੀ ਅਗਵਾਈ ਕਰਨ ਲਈ ਇਥੇ ਆਏ ਹਨ ਅਤੇ ਮਾਮਲੇ ਵਿਚ ਹਰ ਪੱਖ ਤੋਂ ਜਾਂਚ ਕੀਤੀ ਜਾਵੇਗੀ।

ਉਨ੍ਹਾਂ ਕਿਹਾ, 'ਮੁੰਬਈ ਪੁਲਿਸ ਅਪਣੀ ਸ਼ੈਲੀ ਨਾਲ ਜਾਂਚ ਕਰ ਰਹੀ ਹੈ ਅਤੇ ਅਸੀਂ ਅਪਣੇ ਤਰੀਕੇ ਨਾਲ ਜਾਂਚ ਕਰਾਂਗੇ। ਲੋੜ ਪਈ ਤਾਂ ਅਸੀਂ ਬਾਲੀਵੁਡ ਹਸਤੀਆਂ ਦੇ ਬਿਆਨ ਵੀ ਦਰਜ ਕਰਾਂਗੇ ਜਿਨ੍ਹਾਂ ਦੇ ਬਿਆਨ ਮੁੰਬਈ ਪੁਲਿਸ ਨੇ ਦਰਜ ਕੀਤੇ ਹਨ।' ਬਿਹਾਰ ਪੁਲਿਸ ਪਟਨਾ ਵਿਚ ਪਿਛਲੇ ਹਫ਼ਤੇ ਸੁਸ਼ਾਂਤ ਦੇ ਪਿਤਾ ਦੁਆਰਾ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਵਖਰੀ ਜਾਂਚ ਕਰ ਰਹੀ ਹੈ।