ਵੈਕਸੀਨ ਦੀ ਉਮੀਦ ਵਿਚਕਾਰ WHO ਦੀ ਚੇਤਾਵਨੀ, ਕੋਰੋਨਾ ਦਾ ਇਲਾਜ਼ ਕਦੇ ਨਹੀਂ ਮਿਲ ਸਕਦਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਦੋਂ ਤਕ ਅਸੀਂ ਕਲੀਨਿਕਲ ਟ੍ਰਾਇਲ ਨੂੰ ਪੂਰਾ ਨਹੀਂ ਕਰਦੇ, ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ

File Photo

ਨਵੀਂ ਦਿੱਲੀ - ਅਜੇ ਤੱਕ ਕੋਰੋਨਾ ਵਾਇਰਸ ਦੇ ਇਲਾਜ਼ ਲਈ ਕੋਈ ਵੈਕਸੀਨ ਨਹੀਂ ਮਿਲੀ ਹੈ, ਹਾਲਾਂਕਿ ਇਸਦੇ ਟੀਕੇ ਦੀ ਭਾਲ ਦੁਨੀਆਂ ਭਰ ਵਿਚ ਚੱਲ ਰਹੀ ਹੈ। ਇਸ ਸਭ ਦੇ ਚੱਲਦੇ ਵਿਸ਼ਵ ਸਿਹਤ ਸੰਗਠਨ ਨੇ ਇਕ ਚੇਤਾਵਨੀ ਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦਾ ਇਲਾਜ਼ ਕਦੇ ਨਹੀਂ ਮਿਲ ਸਕਦਾ। WHO ਦੇ ਡਾਇਰੈਕਟਰ ਟੇਡਰੋਸ ਐਡਮਨੋਮ ਗੈਬਰੀ ਨੇ ਇਕ ਵਰਚੁਅਲ ਬ੍ਰੀਫਿੰਗ ਨੂੰ ਸੰਬੋਧਿਤ ਕਰਦ ਹੋਏ ਕਿਹਾ ਕਿ 'ਇਸ ਸਮੇਂ ਬਹੁਤ ਸਾਰੇ ਵੈਕਸੀਨ ਆਪਣੇ ਤੀਜੇ ਪੜਾਅ ਦੇ ਟ੍ਰਾਇਲ 'ਤੇ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਜਲਦੀ ਹੀ ਇਸ ਦੀ ਇਕ ਪ੍ਰਭਾਵਸ਼ਾਲੀ ਵੈਕਸੀਨ ਮਿਲ ਜਾਵੇ ਜੋ ਲੋਕਾਂ ਨੂੰ ਕੋਰੋਨਾ ਦੀ ਲਾਗ ਤੋਂ ਬਚਾ ਸਕਦੀ ਹੈ।

ਪਰ ਦੂਜੇ ਪਾਸੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਇਸ ਦਾ ਕੋਈ ਇਲਾਜ਼ ਨਹੀਂ ਹੈ ਅਤੇ ਨਾ ਹੀ ਕਦੇ ਮਿਲੇਗਾ। ਦੁਨੀਆ ਭਰ ਦੇ ਟੀਕੇ ਦੀ ਖੋਜ ਬਾਰੇ, ਗੈਬਰੀਅਸ ਨੇ ਕਿਹਾ, "ਅਜਿਹੇ ਖਦਸ਼ੇ ਜਤਾਏ ਜਾ ਰਹੇ ਹਨ ਕਿ ਸਾਨੂੰ ਇਸ ਵਾਇਰਸ ਨਾਲ ਲੜਨ ਵਾਲਾ ਟੀਕਾ ਨਹੀਂ ਮਿਲ ਸਕਦਾ ਜਾਂ ਇਹ ਸਿਰਫ਼ ਕੁਝ ਮਹੀਨਿਆਂ ਲਈ ਕੰਮ ਕਰ ਸਕਦਾ ਹੈ" ਪਰ ਜਦੋਂ ਤਕ ਅਸੀਂ ਕਲੀਨਿਕਲ ਟ੍ਰਾਇਲ ਨੂੰ ਪੂਰਾ ਨਹੀਂ ਕਰਦੇ, ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ। WHO ਦੇ ਮੁਖੀ ਨੇ ਲੋਕਾਂ ਨੂੰ ਮਾਸਕ ਪਹਿਨਣ, ਸਮਾਜਕ ਦੂਰੀ ਰੱਖਣ, ਹੱਥ ਧੋਣ ਅਤੇ ਟੈਸਟ ਕਰਵਾਉਣ ਵਰਗੇ ਉਪਾਅ ਜਾਰੀ ਰੱਖਣ ਦੀ ਅਪੀਲ ਕੀਤੀ।

ਉਹਨਾਂ ਨੇ ਕਿਹਾ, 'ਲੋਕਾਂ ਨੂੰ ਸਪੱਸ਼ਟ ਸੰਦੇਸ਼ ਹੈ ਕਿ ਤੁਹਾਨੂੰ ਕੋਰੋਨਾ ਵਾਇਰਸ ਵਿਰੁੱਧ ਸਾਰੇ ਉਪਾਅ ਕਰਨੇ ਪੈਣਗੇ। WHO ਦੇ ਐਮਰਜੈਂਸੀ ਮੁਖੀ ਮਾਈਕ ਰਿਆਨ ਦਾ ਕਹਿਣਾ ਹੈ ਕਿ ਬ੍ਰਾਜ਼ੀਲ ਅਤੇ ਭਾਰਤ ਵਰਗੇ ਉੱਚ ਸੰਕਰਮਣ ਵਾਲੇ ਦੇਸ਼ਾਂ ਨੂੰ ਕੋਰੋਨਾ ਵਿਰੁੱਧ ਲੰਮੀ ਲੜਾਈ ਜਾਰੀ ਰੱਖਣ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ, "ਲੜਾਈ ਲੰਮੀ ਹੈ ਅਤੇ ਕੋਸ਼ਿਸ਼ਾਂ ਜਾਰੀ ਰੱਖਣ ਦੀ ਲੋੜ ਹੈ।"

ਮਾਈਕ ਰਿਆਨ ਨੇ ਕਿਹਾ, "ਕੁਝ ਦੇਸ਼ਾਂ ਨੂੰ ਸਚਮੁੱਚ ਹੁਣ ਇੱਕ ਕਦਮ ਅੱਗੇ ਵਧਾਉਣਾ ਪਵੇਗਾ ਅਤੇ ਇਸ ਗੱਲ ਉੱਤੇ ਧਿਆਨ ਕੇਂਦਰਤ ਕਰਨਾ ਪਵੇਗਾ ਕਿ ਉਹ ਆਪਣੀ ਰਾਸ਼ਟਰੀ ਸਰਹੱਦਾਂ ਵਿਚ ਮਹਾਂਮਾਰੀ ਨਾਲ ਕਿਵੇਂ ਨਜਿੱਠ ਰਹੇ ਹਨ।" ਪਿਛਲੇ ਦਿਨੀਂ WHO ਨੇ ਲੋਕਾਂ ਨੂੰ ਕੋਰੋਨਾ ਵਿਸ਼ਾਣੂ ਬਾਰੇ ਚੇਤਾਵਨੀ ਦਿੱਤੀ ਸੀ ਕਿ ਉਹ ਅਜਿਹੇ ਭੁਲੇਖੇ ਵਿੱਚ ਨਾ ਪੈਣ ਕਿ ਕੋਰੋਨਾ ਵਾਇਰਸ ਇੱਕ ਮੌਸਮੀ ਬਿਮਾਰੀ ਹੈ ਜੋ ਮੌਸਮ ਦੇ ਬਦਲਣ ਨਾਲ ਘੱਟ ਜਾਵੇਗੀ।

ਵਿਸ਼ਵ ਸਿਹਤ ਸੰਗਠਨ ਦੀ ਬੁਲਾਰੀ ਮਾਰਗਰੇਟ ਹੈਰਿਸ ਨੇ ਇਕ ਵਰਚੁਅਲ ਬ੍ਰੀਫਿੰਗ ਵਿਚ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਇਕ ਵੱਡੀ ਲੜਾਈ ਹੈ। ਹੈਰਿਸ ਨੇ ਕਿਹਾ, 'ਲੋਕ ਅਜੇ ਵੀ ਇਸ ਨੂੰ ਮੌਸਮੀ ਬਿਮਾਰੀ ਦੇ ਰੂਪ ਵਿਚ ਦੇਖ ਰਹੇ ਹਨ। ਸਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹ ਇਕ ਨਵਾਂ ਵਾਇਰਸ ਹੈ, ਜੋ ਕਿ ਵੱਖਰੇ ਢੰਗ ਨਾਲ ਅਟੈਕ ਕਰ ਰਿਹਾ ਹੈ ਅਤੇ ਇਹ ਵਾਇਰਸ ਹਰ ਮੌਸਮ ਵਿਚ ਜਿਉਂਦਾ ਰਹਿਣ ਵਾਲਾ ਹੈ।